ਸ਼ੰਭੂ : ਅੱਜ 8 ਮਾਰਚ ਨੂੰ ਕਿਸਾਨ ਅੰਦੋਲਨ ਦਾ 25ਵਾਂ ਦਿਨ ਹੈ। ਹਰਿਆਣਾ-ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਡਟੇ ਹੋਏ ਹਨ। ਅੱਜ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਹਰਿਆਣਾ-ਪੰਜਾਬ ਤੋਂ ਵੱਡੀ ਗਿਣਤੀ ‘ਚ ਔਰਤਾਂ ਸ਼ੰਭੂ ਅਤੇ ਖਨੌਰੀ ਮੋਰਚੇ ‘ਤੇ ਪੁੱਜਣਗੀਆਂ। ਅੱਜ ਦੋਹਾਂ ਸਰਹੱਦਾਂ ਦੀ ਵਾਗਡੋਰ ਅਤੇ ਮੰਚ ਸੰਚਾਲਨ ਔਰਤਾਂ ਦੇ ਹੱਥਾਂ ਵਿੱਚ ਹੋਵੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਵੱਧ ਤੋਂ ਵੱਧ ਔਰਤਾਂ ਨੂੰ ਪੁੱਜਣ ਦੀ ਅਪੀਲ ਕੀਤੀ ਹੈ।
ਪੰਧੇਰ ਨੇ ਕਿਹਾ ਕਿ ਇਸ ਅੰਦੋਲਨ ਨੂੰ ਜਿੱਤਣ ਲਈ ਔਰਤਾਂ ਦੀ ਕੀ ਭੂਮਿਕਾ ਹੈ ਇਸ ਬਾਰੇ ਅੱਜ ਗੱਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਇਹ ਅੰਦੋਲਨ ਨੂੰ ਜਿੱਤਣਾ ਚਾਹੁੰਦੇ ਹਾਂ ਤਾਂ ਇਸ ਅੰਦੋਲਨ ਵਿੱਚ ਔਰਤਾਂ ਨੂੰ ਸ਼ਾਮਲ ਕਰਨਾ ਪੈਣਾ ਹੈ।
ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਕਸ਼ਮੀਰ ਦੇ ਦੌਰੇ ‘ਤੇ ਜਿੱਥੇ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਉਨ੍ਹਾਂ ਤੋਂ ਕਾਫੀ ਉਮੀਦਾਂ ਸਨ ਕਿ ਪ੍ਰਧਾਨ ਮੰਤਰੀ ਉਨ੍ਹਾਂ ਲਈ ਕੋਈ ਖਾਸ ਐਲਾਨ ਕਰਨਗੇ ਪਰ ਉਨ੍ਹਾਂ ਦੀ ਇਸ ਉਮੀਦ ਨੂੰ ਬੂਰ ਨਾ ਪਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੱਲ੍ਹ ਇਹ ਬਿਆਨ ਦਿੱਤਾ ਕਿ ਪਿਛਲੇ ਦਸਾਂ ਸਾਲਾਂ ਵਿੱਚ ਲੋਕਾਂ ਦਾ ਲੋਕਤੰਤਰ ‘ਤੇ ਭਰੋਸਾ ਵਧਿਆ ਹੈ। ਇਸਦੇ ਜਵਾਬ ਵਿੱਚ ਪੰਧੇਰ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ “ਮੈਨੂੰ ਨਹੀਂ ਲੱਗਦਾ ਲੋਕ ਹੁਣ ਸਰਕਾਰ ‘ਤੇ ਭਰੋਸਾ ਕਰਨਗੇ।
ਪੰਧੇਰ ਨੇ ਕਿਹਾ ਕਿ । ਸਾਡੀਆਂ ਗੱਲਾਂ ਕੱਲ੍ਹ ਸੱਚ ਸਾਬਤ ਹੋਈਆਂ ਕਿ ਸਰਕਾਰ ਟਰੈਕਟਰ-ਟਰਾਲੀ ਬਾਰੇ ਸਿਰਫ਼ ਬਹਾਨੇ ਬਣਾ ਰਹੀ ਹੈ। ਅਸਲੀਅਤ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।