‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਬਿਆਨ ਦਿੰਦਿਆਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨਾਲ ਭਾਰਤ ਸਰਕਾਰ ਦੇ ਸਿਰ ‘ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਕਿਸਾਨ ਵੱਡਾ ਅੰਦੋਲਨ ਛੇੜਨ ਲਈ ਦਿੱਲੀ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਉਨ੍ਹਾਂ ਨਾਲ ਇਸ ਤਰ੍ਹਾਂ ਰੋਕਣ ਦਾ ਯਤਨ ਕੀਤਾ ਗਿਆ ਜਿਵੇਂ ਕਿਸੇ ਬਾਹਰਲੇ ਮੁਲਕ ਦੀ ਫੌਜ਼ ਨੂੰ ਰੋਕਣ ਲਈ ਕੀਤਾ ਜਾਂਦਾ ਹੈ। ਕਿਸਾਨਾਂ ਨੂੰ ਰੋਕਣ ਦੇ ਲਈ ਸੜਕਾਂ ‘ਤੇ ਖਾਈਆਂ ਪੁੱਟੀਆਂ ਗਈਆਂ, ਵੱਡੇ ਪੱਥਰ ਰੱਖੇ ਗਏ। ਉਨ੍ਹਾਂ ਨੇ ਹਰਿਆਣਾ ਸਰਕਾਰ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਜਿਸ ਨੌਜਵਾਨ ਨੇ ਵਾਟਰ ਕੈਨਨ ਨੂੰ ਬੰਦ ਕੀਤਾ, ਉਸ ਉੱਤੇ ਧਾਰਾ 302, 307 ਵਰਗੇ ਗੰਭੀਰ ਮਾਮਲੇ ਦਰਜ ਕਰਨਾ ਸਰਕਾਰ ਦਾ ਬਹੁਤ ਘਿਨੌਣਾ ਕੰਮ ਹੈ।
ਪੂਰੇ ਭਾਰਤ ਦੇ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ‘ਤੇ ਤਸ਼ੱਦਦ ਕਰ ਰਹੀ ਹੈ। ਫਿਰ ਵੀ ਕਿਸਾਨ ਆਪਣੀ ਦਰਿਆਦਿਲੀ ਦੇ ਕਾਰਨ ਉਨ੍ਹਾਂ ‘ਤੇ ਹੀ ਤਸ਼ੱਦਦ ਕਰਨ ਵਾਲੇ ਪੁਲਿਸ ਕਰਮੀਆਂ ਨੂੰ ਲੰਗਰ ਛਕਾ ਰਹੇ ਹਨ। ਇਹ ਸਾਡੀ ਪ੍ਰੰਪਰਾ ਅਤੇ ਮਰਿਯਾਦਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਿਸਾਨਾਂ ਨੇ ਆਪਣੇ ਮਾਣ-ਮੱਤੇ ਇਤਿਹਾਸ ਨੂੰ ਦੁਹਰਾਇਆ ਹੈ।
ਜਥੇਦਾਰ ਨੇ ਸਾਰੀ ਸਿੱਖ ਕੌਮ ਨੂੰ 30 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੂਰੇ ਭਾਰਤ ਦੇ ਕਿਸਾਨਾਂ ਦੀ ਸਫਲਤਾ ਦੇ ਲਈ ਅਰਦਾਸ ਕਰਨ ਦੀ ਅਪੀਲ ਕੀਤੀ।