ਇਜ਼ਰਾਈਲੀ ਬੰਧਕਾਂ ਦੀ ਰਿਹਾਈ ਰੋਕਣ ਦੇ ਹਮਾਸ ਦੇ ਐਲਾਨ ‘ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੇਤਾਵਨੀ ਤੋਂ ਬਾਅਦ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਬੀਬੀਸੀ ਨਿਊਜ਼ ਦੇ ਮੁਤਾਬਿਕ ਨੇਤਨਯਾਹੂ ਨੇ ਕਿਹਾ, “ਜੇ ਹਮਾਸ ਸਾਡੇ ਬੰਧਕਾਂ ਨੂੰ ਸ਼ਨੀਵਾਰ ਦੁਪਹਿਰ ਤੱਕ ਰਿਹਾਅ ਨਹੀਂ ਕਰਦਾ, ਤਾਂ ਅਸੀਂ ਗਾਜ਼ਾ ਵਿੱਚ ਜੰਗਬੰਦੀ ਖਤਮ ਕਰ ਦੇਵਾਂਗੇ ਅਤੇ ਦੁਬਾਰਾ ਲੜਾਈ ਸ਼ੁਰੂ ਕਰ ਦੇਵਾਂਗੇ।” ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲੀ ਫੌਜਾਂ ਨੂੰ ਗਾਜ਼ਾ ਦੇ ਅੰਦਰ ਅਤੇ ਆਲੇ-ਦੁਆਲੇ ਇਕੱਠੇ ਹੋਣ ਦਾ ਹੁਕਮ ਦਿੱਤਾ ਹੈ। ਉਸਨੇ ਇਹ ਕਦਮ ਹਮਾਸ ਦੇ ਉਸ ਐਲਾਨ ਤੋਂ ਬਾਅਦ ਚੁੱਕਿਆ ਜਿਸ ਵਿੱਚ ਹਮਾਸ ਨੇ ਕਿਹਾ ਸੀ ਕਿ ਉਹ ਬੰਧਕਾਂ ਦੀ ਰਿਹਾਈ ਨੂੰ ਰੋਕ ਦੇਵੇਗਾ।
ਨੇਤਨਯਾਹੂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਸ਼ਨੀਵਾਰ ਤੱਕ ਬਾਕੀ ਸਾਰੇ 76 ਬੰਧਕਾਂ ਦੀ ਰਿਹਾਈ ਬਾਰੇ ਗੱਲ ਕਰ ਰਹੇ ਸਨ ਜਾਂ ਸਿਰਫ਼ ਉਨ੍ਹਾਂ ਤਿੰਨਾਂ ਬਾਰੇ ਜਿਨ੍ਹਾਂ ਦੀ ਰਿਹਾਈ ਰੋਕ ਦਿੱਤੀ ਗਈ ਸੀ, ਪਰ ਇੱਕ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮਤਲਬ “ਸਾਰਿਆਂ” ਬਾਰੇ ਸੀ।
ਦਰਅਸਲ, ਹਮਾਸ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਬੰਧਕਾਂ ਦੀ ਰਿਹਾਈ ਨੂੰ ਰੋਕ ਰਿਹਾ ਹੈ ਕਿਉਂਕਿ ਇਜ਼ਰਾਈਲ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰ ਰਿਹਾ ਸੀ। ਇਸ ਦਾਅਵੇ ਨੂੰ ਇਜ਼ਰਾਈਲ ਨੇ ਰੱਦ ਕਰ ਦਿੱਤਾ। ਇਸ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਹਮਾਸ ਬੰਧਕ ਬਣਾਏ ਗਏ ਸਾਰੇ ਨਾਗਰਿਕਾਂ ਨੂੰ ਰਿਹਾਅ ਨਹੀਂ ਕਰਦਾ ਹੈ, ਤਾਂ ਇਜ਼ਰਾਈਲ ਨੂੰ ਉਸ ਨਾਲ ਜੰਗਬੰਦੀ ਸਮਝੌਤਾ ਰੱਦ ਕਰ ਦੇਣਾ ਚਾਹੀਦਾ ਹੈ।
ਹਮਾਸ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਸਮਝੌਤਾ 19 ਜਨਵਰੀ ਨੂੰ ਲਾਗੂ ਹੋਇਆ ਸੀ। ਹਮਾਸ ਹੁਣ ਤੱਕ 16 ਇਜ਼ਰਾਈਲੀ ਅਤੇ ਪੰਜ ਥਾਈ ਬੰਧਕਾਂ ਨੂੰ ਰਿਹਾਅ ਕਰ ਚੁੱਕਾ ਹੈ। ਬਦਲੇ ਵਿੱਚ, ਇਜ਼ਰਾਈਲ ਨੇ 566 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ।