ਗਾਜ਼ਾ (Gaza) ’ਤੇ ਇਜ਼ਰਾਈਲ (Israel) ਦੀ ਜੰਗ ਜਾਰੀ ਹੈ। ਜਿੱਥੇ ਜੰਗ (War) ਵਿੱਚੋਂ ਨਿਰਾਸ਼ ਕਰਨ ਵਾਲੀਆਂ ਖ਼ਬਰਾਂ ਆ ਰਹੀਆਂ ਹਨ, ਉੱਥੇ ਇੱਕ ਸਕੂਨ ਵਾਲੀ ਖ਼ਬਰ ਵੀ ਆਈ ਹੈ। ਜੰਗ ਦੇ ਚੱਲਦਿਆ ਡਾਕਟਰਾਂ ਨੇ ਇੱਕ ਮ੍ਰਿਤਕ ਗਰਭਵਤੀ ਦਾ ਜਣੇਪਾ ਕਰਕੇ ਚਮਤਕਾਰੀ ਕਾਰਨਾਮਾ ਕਰ ਵਿਖਾਇਆ ਹੈ। ਦਰਅਸਲ ਗਾਜ਼ਾ ਦੇ ਰਫਾਹ ਸ਼ਹਿਰ ‘ਤੇ ਐਤਵਾਰ ਨੂੰ ਇਜ਼ਰਾਇਲ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਕਈ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਸੀ। ਪਰ ਡਾਕਟਰਾਂ ਨੇ ਉਸ ਦੇ ਪੇਟ ਵਿੱਚ ਪਲ਼ ਰਹੇ ਬੱਚੇ ਨੂੰ ਸੁਰੱਖਿਅਤ ਜ਼ਿੰਦਾ ਬਾਹਰ ਕੱਢ ਲਿਆ ਹੈ।
ਡਾਕਟਰਾਂ ਨੇ ਇਜ਼ਰਾਈਲ ਦੇ ਹਮਲੇ ਦੇ ਬਾਅਦ ਇੱਕ ਮ੍ਰਿਤਕ ਗਰਭਵਤੀ ਔਰਤ ਦੀ ਕੁੱਖ ‘ਚੋਂ ਜ਼ਿੰਦਾ ਬੱਚਾ ਕੱਢ ਲਿਆ ਗਿਆ ਹੈ। ਫਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਔਰਤ 30 ਹਫ਼ਤਿਆਂ ਦੀ ਗਰਭਵਤੀ ਸੀ। ਡਾਕਟਰਾਂ ਨੇ ਐਮਰਜੈਂਸੀ ਸੀ-ਸੈਕਸ਼ਨ ਡਿਲੀਵਰੀ ਰਾਹੀਂ ਬੱਚੀ ਨੂੰ ਬਚਾ ਲਿਆ। ਜਨਮ ਸਮੇਂ ਬੱਚੀ ਦਾ ਵਜ਼ਨ 1.4 ਕਿਲੋਗ੍ਰਾਮ ਸੀ। ਉਸ ਦੀ ਹਾਲਤ ਸਥਿਰ ਹੈ। ਹੌਲੀ-ਹੌਲੀ ਉਸ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।
ਔਰਤ ਦੀ ਪਛਾਣ ਸਬਰੀਨ ਅਲ-ਸਕਾਨੀ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਘਰਾਂ ‘ਤੇ ਇਜ਼ਰਾਇਲੀ ਹਵਾਈ ਹਮਲੇ ‘ਚ ਬੱਚੀ ਦੀ ਮਾਂ ਤੋਂ ਇਲਾਵਾ ਉਸ ਦੇ ਪਿਤਾ ਅਤੇ ਭੈਣ ਸਮੇਤ 19 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ ਇੱਕੋ ਪਰਿਵਾਰ ਦੇ 13 ਬੱਚੇ ਵੀ ਸ਼ਾਮਲ ਹਨ।
ਨਵਜੰਮੀ ਬੱਚੀ ਦੇ ਚਾਚੇ ਰਾਮੀ ਅਲ-ਸ਼ੇਖ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਮਲਕ ਉਸ ਦੇ ਜਨਮ ‘ਤੇ ਬਹੁਤ ਖੁਸ਼ ਸੀ। ਉਹ ਆਪਣੀ ਛੋਟੀ ਭੈਣ ਦਾ ਨਾਂ ਰੂਹ ਰੱਖਣਾ ਚਾਹੁੰਦੀ ਸੀ, ਜਿਸਦਾ ਅਰਬੀ ਵਿੱਚ ਅਰਥ ‘ਆਤਮਾ’ ਹੁੰਦਾ ਹੈ। ਹਾਲਾਂਕਿ, ਛੋਟੀ ਭੈਣ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਮਲਕ ਦੀ ਇਜ਼ਰਾਈਲ ਦੇ ਹਵਾਈ ਹਮਲੇ ਵਿੱਚ ਮੌਤ ਹੋ ਗਈ ਹੈ।
ਡਾਕਟਰ ਨੇ ਭਰੇ ਦਿਲ ਨਾਲ ਕਿਹਾ ਕਿ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਬੱਚੀ ਤਾਂ ਬਚ ਗਈ ਪਰ ਅਨਾਥ ਪੈਦਾ ਹੋਈ। ਇਸ ਲਈ ਅਸੀਂ ਦੇਖਾਂਗੇ ਕਿ ਉਸਨੂੰ ਕਿੱਥੇ ਭੇਜਣਾ ਹੈ, ਉਸਦੀ ਮਾਸੀ ਜਾਂ ਚਾਚਾ ਜਾਂ ਦਾਦਾ-ਦਾਦੀ ਕੋਲ।