International

ਇਜ਼ਰਾਈਲ ਨੇ ਬੇਰੂਤ ਹਵਾਈ ਅੱਡੇ ’ਤੇ ਸੁੱਟੇ ਬੰਬ! ਦੋ ਦਿਨਾਂ ’ਚ 100 ਮੌਤਾਂ

ਬਿਉਰੋ ਰਿਪੋਰਟ: ਇਜ਼ਰਾਈਲ ਨੇ ਬੁੱਧਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਬੇਰੂਤ ਅਤੇ ਬੇਕਾ ਘਾਟੀ ਦੇ ਵੱਖ-ਵੱਖ ਹਿੱਸਿਆਂ ’ਚ ਵੀ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 50 ਤੋਂ ਵੱਧ ਜ਼ਖ਼ਮੀ ਹਨ।

ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਹਮਲੇ ਤੋਂ ਪਹਿਲਾਂ ਇਜ਼ਰਾਇਲੀ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਹਵਾਈ ਅੱਡੇ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਖ਼ਾਲੀ ਕਰਨ ਲਈ ਕਿਹਾ ਸੀ। ਆਈਡੀਐਫ ਨੇ ਬੇਰੂਤ ਵਿੱਚ ਹਮਲੇ ਦੌਰਾਨ ਹਿਜ਼ਬੁੱਲਾ ਦੇ ਕਮਾਂਡ ਸੈਂਟਰ ਅਤੇ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਵੀ ਇਜ਼ਰਾਈਲ ਨੇ ਲੇਬਨਾਨ ਦੇ ਬਰਜਾ ਸ਼ਹਿਰ ’ਚ ਇੱਕ ਅਪਾਰਟਮੈਂਟ ਬਿਲਡਿੰਗ ’ਤੇ ਹਵਾਈ ਹਮਲਾ ਕੀਤਾ ਸੀ। ਇਸ ’ਚ ਕਰੀਬ 30 ਲੋਕ ਮਾਰੇ ਗਏ ਸਨ। IDF ਨੇ ਹਮਲੇ ਤੋਂ ਪਹਿਲਾਂ ਕੋਈ ਚੇਤਾਵਨੀ ਵੀ ਨਹੀਂ ਦਿੱਤੀ ਸੀ।

ਦੂਜੇ ਪਾਸੇ ਗਾਜ਼ਾ ਵਿੱਚ ਵੀ ਇਜ਼ਰਾਇਲੀ ਫੌਜ ਬੇਈਤ ਲਹੀਆ ਪਹੁੰਚ ਗਈ ਹੈ। ਹੁਣ ਤੱਕ IDF ਉੱਥੇ ਸਿਰਫ਼ ਬੰਬਾਰੀ ਕਰ ਰਿਹਾ ਸੀ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਹਮਾਸ ਦੇ ਅੱਤਵਾਦੀ ਇੱਕ ਵਾਰ ਫਿਰ ਇਸ ਇਲਾਕੇ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।

ਲੇਬਨਾਨ ਵਿੱਚ 3 ਹਜ਼ਾਰ ਤੋਂ ਵੱਧ ਮੌਤਾਂ

ਇਜ਼ਰਾਇਲੀ ਹਮਲਿਆਂ ਕਾਰਨ ਪਿਛਲੇ ਇੱਕ ਸਾਲ ਵਿੱਚ 3 ਹਜ਼ਾਰ ਤੋਂ ਵੱਧ ਲੇਬਨਾਨੀ ਨਾਗਰਿਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਪਿਛਲੇ 6 ਹਫਤਿਆਂ ਤੋਂ ਜਾਰੀ ਇਜ਼ਰਾਈਲ-ਲੇਬਨਾਨ ਯੁੱਧ ’ਚ ਮਾਰੇ ਗਏ ਹਨ। ਜੰਗ ਕਾਰਨ ਲੇਬਨਾਨ ਦੇ 10 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।

ਜ਼ਿਆਦਾਤਰ ਲੋਕ ਰਾਹਤ ਕੈਂਪਾਂ ਵਿਚ ਸ਼ਰਨ ਲੈ ਰਹੇ ਹਨ। ਹੁਣ ਇਨ੍ਹਾਂ ਕੈਂਪਾਂ ਵਿੱਚ ਵੀ ਥਾਂ ਨਹੀਂ ਬਚੀ ਹੈ। ਇਸ ਲਈ ਸਮੁੰਦਰ ਕੰਢੇ ਟੈਂਟ ਲਗਾ ਕੇ ਲੋਕਾਂ ਨੂੰ ਆਰਜ਼ੀ ਤੌਰ ’ਤੇ ਠਹਿਰਾਇਆ ਗਿਆ ਹੈ।

ਦੂਜੇ ਪਾਸੇ ਹਿਜ਼ਬੁੱਲਾ ਮੁਖੀ ਨਈਮ ਕਾਸਿਮ ਨੇ ਬੁੱਧਵਾਰ ਨੂੰ ਇਜ਼ਰਾਈਲ ਨਾਲ ਜੰਗਬੰਦੀ ਦੀ ਗੱਲਬਾਤ ਦੀ ਇੱਛਾ ਜ਼ਾਹਰ ਕੀਤੀ। ਉਸ ਨੇ ਗੱਲਬਾਤ ਤੋਂ ਪਹਿਲਾਂ ਇਜ਼ਰਾਈਲੀ ਹਮਲੇ ਰੋਕਣ ਲਈ ਕਿਹਾ ਹੈ।