‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਟਾਲੀ ਬੈਨੇਟ ਨੇ ਕਿਹਾ ਕਿ ਪੈਗਾਸਸ ਮਾਮਲੇ ਵਿੱਚ ਆਈ ਨਵੀਂ ਰਿਪੋਰਟ ਤੋਂ ਬਾਅਦ ਸਰਕਾਰ ਇਸਦੀ ਜਾਂਚ ਕਰੇਗੀ ਅਤੇ ਕਾਰਵਾਈ ਵੀ ਹੋਵੇਗੀ। ਇੱਕ ਇਜ਼ਰਾਇਲੀ ਅਖ਼ਬਾਰ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਜ਼ਰਾਇਲ ਦੀ ਪੁਲਿਸ ਪੈਗਾਸਸ ਦਾ ਇਸਤੇਮਾਲ ਕਰਕੇ ਲੋਕਾਂ ਦੀ ਜਾਸੂਸੀ ਕਰਦੀ ਸੀ। ਬੈਨੇਟ ਨੇ ਕਿਹਾ ਕਿ ਜੇ ਅਖ਼ਬਾਰ ਦੀ ਰਿਪੋਰਟ ਸਹੀ ਹੈ ਤਾਂ ਇਹ ਬਹੁਤ ਗੰਭੀਰ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਪੈਗਾਸਸ ਅਤੇ ਇਸ ਵਰਗੇ ਹੋਰ ਟੂਲਜ਼ ਅੱਤਵਾਦ ਦੇ ਖਿਲਾਫ਼ ਲੜਾਈ ਅਤੇ ਗੰਭੀਰ ਅਪਰਾਥ ਨਾਲ ਲੜਨ ਦੇ ਲਈ ਕਾਫ਼ੀ ਅਹਿਮ ਹਨ। ਪਰ ਇਸਦਾ ਇਸਤੇਮਾਲ ਇਜ਼ਰਾਇਲੀ ਨਾਗਰਿਕਾਂ ਜਾਂ ਹੋਰ ਮਹੱਤਵਪੂਰਨ ਸ਼ਖਸੀਅਤਾਂ ਦੀ ਜਾਸੂਸੀ ਦੇ ਲਈ ਨਹੀਂ ਕੀਤਾ ਜਾ ਸਕਦਾ।
ਨਫਟਾਲੀ ਨੇ ਕਿਹਾ ਕਿ ਇਸ ਸਮੇਂ ਡਿਪਟੀ ਅਟਾਰਨੀ ਐਡਵੋਕੇਟ ਅਮਿਤ ਮੇਰਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਵਾਅਦਾ ਕੀਤਾ ਕਿ ਸਰਕਾਰ ਜਲਦੀ ਹੀ ਇਸ ਮਾਮਲੇ ਵਿੱਚ ਇੱਕ ਨਵੇਂ ਅਧਿਕਾਰੀ ਨੂੰ ਵੀ ਨਿਯੁਕਤ ਕਰੇਗੀ।