ਬਿਊਰੋ ਰਿਪੋਰਟ: ਇਜ਼ਰਾਈਲ ਨੇ ਬੁੱਧਵਾਰ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ’ਤੇ ਵੱਡਾ ਹਮਲਾ ਕੀਤਾ। ਸੀਰੀਆ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ 34 ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲ ਨੇ ਸੀਰੀਆ ਦੇ ਰੱਖਿਆ ਮੰਤਰਾਲੇ ਦੀ ਇਮਾਰਤ ਨੂੰ ਵੀ ਉਡਾ ਦਿੱਤਾ ਹੈ। ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ। ਇਸ ਦੌਰਾਨ ਖ਼ਬਰਾਂ ਪੜ੍ਹ ਰਹੀ ਇੱਕ ਐਂਕਰ ਵੀ ਡਰ ਕੇ ਭੱਜ ਗਈ, ਜਿਸਦਾ ਲਾਈਵ ਪ੍ਰਸਾਰਣ ਹੋ ਗਿਆ।
ਅਮਰੀਕਾ ਦੇ ਦਬਾਅ ਦੇ ਬਾਵਜੂਦ, ਇਜ਼ਰਾਈਲ ਨੇ ਸੀਰੀਆ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਬੁੱਧਵਾਰ ਨੂੰ ਇਜ਼ਰਾਈਲ ਨੇ ਸੀਰੀਆ ਦੇ ਰੱਖਿਆ ਮੰਤਰਾਲੇ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ। ਇਸਦੀ ਵੀਡੀਓ ਕਈ ਥਾਵਾਂ ’ਤੇ ਰਿਕਾਰਡ ਕੀਤੀ ਗਈ ਸੀ। ਇੱਕ ਸੀਰੀਆਈ ਟੈਲੀਵਿਜ਼ਨ ਚੈਨਲ ਦੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮਹਿਲਾ ਐਂਕਰ ਖ਼ਬਰਾਂ ਪੜ੍ਹ ਰਹੀ ਸੀ, ਜਦੋਂ ਉਸਦੇ ਪਿੱਛੇ ਰੱਖਿਆ ਮੰਤਰਾਲੇ ਦੀ ਇਮਾਰਤ ’ਤੇ ਹਮਲਾ ਕੀਤਾ ਗਿਆ ਅਤੇ ਪੂਰੀ ਇਮਾਰਤ ਢਹਿ ਗਈ।
ਇੱਕ ਹੋਰ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੱਖਿਆ ਮੰਤਰਾਲੇ ਦੀ ਇਮਾਰਤ ’ਤੇ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਅਲਜਜ਼ੀਰਾ ਦਾ ਰਿਪੋਰਟਰ ਰਿਪੋਰਟਿੰਗ ਕਰ ਰਿਹਾ ਸੀ ਅਤੇ ਇਹ ਘਟਨਾ ਲਾਈਵ ਰਿਪੋਰਟਿੰਗ ਦੌਰਾਨ ਕੈਮਰੇ ਵਿੱਚ ਕੈਦ ਹੋ ਗਈ। ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।