ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਫਲਸਤੀਨੀ ਹਮਾਸ ਸਮੂਹ ਨੇ ਦੱਖਣੀ ਲੇਬਨਾਨ ਤੋਂ ਉੱਤਰੀ ਇਜ਼ਰਾਈਲ ‘ਤੇ ਦਰਜਨਾਂ ਮਿਜ਼ਾਈਲਾਂ ਦਾਗੀਆਂ ਹਨ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਦਾਗੀਆਂ ਗਈਆਂ 36 ਮਿਜ਼ਾਈਲਾਂ ‘ਚੋਂ ਜ਼ਿਆਦਾਤਰ ਨੂੰ ਟੀਚੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ ਗਿਆ ਸੀ, ਪਰ ਇਨ੍ਹਾਂ ‘ਚੋਂ ਕੁਝ ਨੇ ਇਜ਼ਰਾਇਲੀ ਖੇਤਰ ਨੂੰ ਨਿਸ਼ਾਨਾ ਬਣਾਇਆ।
ਇਨ੍ਹਾਂ ਹਮਲਿਆਂ ਵਿਚ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੇ ਸਿਰ ਵਿੱਚ ਸੱਟ ਲੱਗੀ ਹੈ। ਇਸ ਦੇ ਨਾਲ ਹੀ ਹਮਾਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਮਿਜ਼ਾਈਲਾਂ ਕਿਸ ਨੇ ਲਾਂਚ ਕੀਤੀਆਂ ਹਨ। ਪਿਛਲੇ 17 ਸਾਲਾਂ ਵਿੱਚ ਇੱਕ ਸਮੇਂ ਵਿੱਚ ਲੇਬਨਾਨ ਤੋਂ ਇਜ਼ਰਾਈਲ ਉੱਤੇ ਇਹ ਸਭ ਤੋਂ ਵੱਡਾ ਹਮਲਾ ਹੈ।
ਇਹ ਹਮਲਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ‘ਚ ਇਜ਼ਰਾਇਲੀ ਪੁਲਿਸ ਵਲੋਂ ਫਲਸਤੀਨੀਆਂ ਨਾਲ ਲੜਨ ਕਾਰਨ ਇਲਾਕੇ ‘ਚ ਹਿੰਸਾ ਵਧ ਗਈ ਹੈ। ਦੂਜੇ ਪਾਸੇ ਗਾਜ਼ਾ ਤੋਂ ਵੀ ਇਜ਼ਰਾਈਲ ‘ਤੇ ਰਾਕੇਟ ਦਾਗੇ ਗਏ ਹਨ, ਜਿਸ ਦਾ ਕੰਟਰੋਲ ਹਮਾਸ ਦੇ ਹੱਥ ਹੈ। ਇਜ਼ਰਾਈਲ ਦੀ ਹਵਾਈ ਸੈਨਾ ਨੇ ਇਨ੍ਹਾਂ ਹਵਾਈ ਹਮਲਿਆਂ ਦਾ ਜਵਾਬ ਦਿੱਤਾ ਹੈ।