ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਸਮੇਤ ਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ ਸਥਿਤ ਕਈ ਫੌਜੀ ਟਿਕਾਣਿਆਂ ‘ਤੇ ਦਰਜਨਾਂ ਹਵਾਈ ਹਮਲੇ ਕੀਤੇ ਹਨ। ਸੀਰੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ (SOHR) ਨੇ ਕਿਹਾ ਹੈ ਕਿ ਸੀਰੀਆ ਦੇ ਫੌਜੀ ਟਿਕਾਣਿਆਂ ‘ਤੇ ਸੌ ਤੋਂ ਜ਼ਿਆਦਾ ਹਮਲੇ ਕੀਤੇ ਗਏ ਹਨ। ਸਥਾਨਕ ਮੀਡੀਆ ਮੁਤਾਬਕ ਇਜ਼ਰਾਈਲ ਨੇ ਰਸਾਇਣਕ ਹਥਿਆਰ ਬਣਾਉਣ ਵਾਲੇ ਇਕ ਸ਼ੱਕੀ ਖੋਜ ਕੇਂਦਰ ‘ਤੇ ਵੀ ਹਮਲਾ ਕੀਤਾ।
ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਅਸਦ ਸਰਕਾਰ ਦੇ ਪਤਨ ਤੋਂ ਬਾਅਦ “ਹਥਿਆਰਾਂ ਨੂੰ ਕੱਟੜਪੰਥੀਆਂ ਦੇ ਹੱਥਾਂ ਵਿੱਚ ਜਾਣ ਤੋਂ ਰੋਕਣ” ਲਈ ਹਮਲੇ ਕਰ ਰਿਹਾ ਹੈ। ਐਸਓਐਚਆਰ ਨੇ ਕਿਹਾ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਸੀਰੀਆ ਵਿੱਚ ਇਜ਼ਰਾਈਲ ਦੁਆਰਾ ਸੈਂਕੜੇ ਹਵਾਈ ਹਮਲੇ ਕੀਤੇ ਗਏ ਹਨ। ਇਸ ‘ਚ ਦਮਿਸ਼ਕ ‘ਚ ਇਕ ਫੌਜੀ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਵਰਤੋਂ ਈਰਾਨੀ ਵਿਗਿਆਨੀਆਂ ਨੇ ਰਾਕੇਟ ਬਣਾਉਣ ਲਈ ਕੀਤੀ ਸੀ।
ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਹੋਈ, ਜਿਸ ‘ਚ ਸੀਰੀਆ ਦੇ ਮੌਜੂਦਾ ਹਾਲਾਤ ‘ਤੇ ਚਰਚਾ ਕੀਤੀ ਗਈ। ਰੂਸ ਨੇ ਸੀਰੀਆ ਦੀ ਸਥਿਤੀ ‘ਤੇ ਚਰਚਾ ਕਰਨ ਲਈ ਸੁਰੱਖਿਆ ਪ੍ਰੀਸ਼ਦ ਦੀ ਇਕ ਜ਼ਰੂਰੀ ਬੈਠਕ ਬੁਲਾਈ ਸੀ। ਕਿਹਾ ਜਾ ਰਿਹਾ ਹੈ ਕਿ ਸੀਰੀਆ ‘ਚ ਬਦਲਦੇ ਹਾਲਾਤ ਵਿਚਾਲੇ ਰੂਸ ਗੋਲਾਨ ਹਾਈਟਸ ‘ਤੇ ਇਜ਼ਰਾਈਲ ਦੇ ਅਸਥਾਈ ਕਬਜ਼ੇ ਨੂੰ ਲੈ ਕੇ ਬੇਚੈਨ ਹੈ।