International

ਇਜ਼ਰਾਈਲ ਨੇ ਰਫਾਹ ‘ਤੇ ਕੀਤਾ ਹਮਲਾ, 40 ਲੋਕਾਂ ਦੀ ਮੌਤ

ਐਤਵਾਰ ਨੂੰ ਇਜ਼ਰਾਈਲ ਨੇ ਫਿਲਸਤੀਨ ਦੇ ਗਾਜ਼ਾ ਪੱਟੀ ਦੇ ਸਭ ਤੋਂ ਦੱਖਣੀ ਸ਼ਹਿਰ ਰਫਾਹ ‘ਚ ਜ਼ਬਰਦਸਤ ਬੰਬਾਰੀ ਕੀਤੀ, ਜਿਸ ‘ਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਫਲਸਤੀਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਸ ਬੰਬਾਰੀ ਕਾਰਨ ਉੱਥੇ ਬਣੇ ਟੈਂਟਾਂ ‘ਚ ਅੱਗ ਲੱਗ ਗਈ, ਜਿਸ ਕਾਰਨ ਕਈ ਲੋਕ ਜ਼ਿੰਦਾ ਸੜ ਗਏ।

ਹਜ਼ਾਰਾਂ ਫਲਸਤੀਨੀ ਰਫਾਹ ਵਿੱਚ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਦੇ ਗੋਦਾਮਾਂ ਦੇ ਨੇੜੇ ਸ਼ਰਨਾਰਥੀ ਤੰਬੂਆਂ ਵਿੱਚ ਰਹਿ ਰਹੇ ਹਨ। ਇਜ਼ਰਾਇਲੀ ਫੌਜ ਨੇ ਐਤਵਾਰ ਨੂੰ ਉਸੇ ਜਗ੍ਹਾ ‘ਤੇ ਕਰੀਬ ਅੱਠ ਰਾਕੇਟ ਦਾਗੇ। ਰਫਾ ਦੇ ਇਸ ਇਲਾਕੇ ਵਿੱਚ ਉਜਾੜੇ ਹੋਏ ਪਰਿਵਾਰਾਂ ਦੀ ਸੰਘਣੀ ਆਬਾਦੀ ਹੈ। ਇਜ਼ਰਾਈਲ ਤੋਂ ਇੰਨਾ ਵੱਡਾ ਹਮਲਾ ਇੱਥੇ ਪਹਿਲਾਂ ਕਦੇ ਨਹੀਂ ਹੋਇਆ ਸੀ। ਪਲਾਸਟਿਕ ਅਤੇ ਟੀਨ ਦੇ ਬਣੇ ਟੈਂਟ ਨੂੰ ਅੱਗ ਲੱਗ ਗਈ।

ਫੇਸਬੁੱਕ ‘ਤੇ ਵਾਇਰਲ ਹੋਈ ਇੱਕ ਵੀਡੀਓ ਕਲਿੱਪ ਤੋਂ ਪਤਾ ਚੱਲਦਾ ਹੈ ਕਿ ਇਸ ਪੂਰੇ ਇਲਾਕੇ ਵਿੱਚ ਤੇਜ਼ ਅੱਗ ਦੀਆਂ ਲਪਟਾਂ ਉੱਠ ਰਹੀਆਂ ਹਨ। ਇਸ ਅੱਗ ਨੇ ਕਈ ਤੰਬੂਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਸਿਵਲ ਡਿਫੈਂਸ ਅਤੇ ਐਂਬੂਲੈਂਸ ਕਰਮਚਾਰੀਆਂ ਨੂੰ ਲਾਸ਼ਾਂ ਨੂੰ ਕੱਢਣ ਲਈ ਕਾਫੀ ਮਿਹਨਤ ਕਰਨੀ ਪਈ।

ਸਮਾਚਾਰ ਏਜੰਸੀ ਸਿਨਹੂਆ ਨੇ ਫਲਸਤੀਨੀ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਹਮਲੇ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਇਸ ਖੇਤਰ ਨੂੰ ‘ਸੁਰੱਖਿਅਤ ਜ਼ੋਨ’ ਐਲਾਨ ਦਿੱਤਾ ਸੀ। ਐਤਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਹਮਾਸ ਨੇ ਇਸ ਬੰਬਾਰੀ ਨੂੰ ਅੰਤਰਰਾਸ਼ਟਰੀ ਅਦਾਲਤ (ਆਈਸੀਜੇ) ਦੇ ਫੈਸਲੇ ਦੀ ਪੂਰੀ ਤਰ੍ਹਾਂ ਅਣਦੇਖੀ ਦੱਸਿਆ ਹੈ।

ਦਰਅਸਲ ICJ ਨੇ ਇਜ਼ਰਾਈਲ ਤੋਂ ਰਫਾਹ ‘ਚ ਹਮਲੇ ਰੋਕਣ ਦੀ ਮੰਗ ਕੀਤੀ ਸੀ। ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਆਈਡੀਐਫ ਜਹਾਜ਼ਾਂ ਨੇ ਰਫਾਹ ਵਿੱਚ ਹਮਾਸ ਦੇ ਕੈਂਪ ‘ਤੇ ਹਮਲਾ ਕੀਤਾ, ਜਿੱਥੇ ਹਮਾਸ ਦੇ ਅੱਤਵਾਦੀ ਟਿਕਾਣੇ ਸਨ’। ਇਸ ‘ਚ ਕਿਹਾ ਗਿਆ ਹੈ, ‘ਇਹ ਹਮਲਾ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਸਟੀਕ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤਾ ਗਿਆ ਸੀ।’