International

ਲੇਬਨਾਨ ‘ਤੇ ਇਜ਼ਰਾਈਲ ਦਾ ਹਵਾਈ ਹਮਲਾ, 3 ਦੀ ਮੌਤ

ਇਜ਼ਰਾਈਲ ਨੇ ਮੰਗਲਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ‘ਤੇ ਜਵਾਬੀ ਹਵਾਈ ਹਮਲਾ ਕੀਤਾ। ਇਸ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 74 ਲੋਕ ਜ਼ਖਮੀ ਹੋ ਗਏ। ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ ਈਰਾਨ ਪੱਖੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਇੱਕ ਅੱਤਵਾਦੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਾਰਿਆ ਗਿਆ ਅੱਤਵਾਦੀ ਹਿਜ਼ਬੁੱਲਾ ਕਮਾਂਡਰ ਹਜ ਮੋਹਸਿਨ ਉਰਫ ਫੁਆਦ ਸ਼ੁਕਰ ਸੀ।

ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਨੂੰ ਬੇਰੂਤ ਖੇਤਰ ਵਿੱਚ ਫੁਆਦ ਨੂੰ ਮਾਰ ਦਿੱਤਾ ਸੀ। ਇਜ਼ਰਾਇਲੀ ਫੌਜ ਨੇ ਫੁਆਦ ਬਾਰੇ ਦਾਅਵਾ ਕੀਤਾ ਸੀ ਕਿ ਉਹ ਗੋਲਾਨ ਹਾਈਟਸ ‘ਤੇ ਹਮਲੇ ਲਈ ਜ਼ਿੰਮੇਵਾਰ ਸੀ। ਫੁਆਦ ਦੀ ਮੌਤ ਦੀ ਪੁਸ਼ਟੀ ਹਿਜ਼ਬੁੱਲਾ ਜਾਂ ਲੇਬਨਾਨ ਵੱਲੋਂ ਨਹੀਂ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹਿਜ਼ਬੁੱਲਾ ਨੇ ਪਿਛਲੇ 10 ਮਹੀਨਿਆਂ ‘ਚ ਇਜ਼ਰਾਈਲ ‘ਤੇ ਸਭ ਤੋਂ ਵੱਡਾ ਹਮਲਾ ਕੀਤਾ ਸੀ। ਉਸ ਨੇ ਗੋਲਾਨ ਹਾਈਟਸ ਦੇ ਫੁੱਟਬਾਲ ਮੈਦਾਨ ‘ਤੇ ਲੇਬਨਾਨ ਤੋਂ ਰਾਕੇਟ ਦਾਗੇ ਸਨ। ਇਸ ‘ਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 30 ਲੋਕ ਜ਼ਖਮੀ ਹੋ ਗਏ। ਇਸ ਦੇ ਜਵਾਬ ‘ਚ ਇਜ਼ਰਾਇਲੀ ਫੌਜ ਨੇ ਹਵਾਈ ਹਮਲਾ ਕੀਤਾ ਹੈ।