‘ਦ ਖ਼ਾਲਸ ਬਿਊਰੋ :- ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ ਚੀਨ ਦੀ ਸਰਹੱਦ LAC ‘ਤੇ ਦੋਵਾਂ ਮੁਲਕਾਂ ਦੀ ਸੈਨਾ ‘ਚ ਬਣੇ ਆਪਸੀ ਤਣਾਅ ਨੂੰ ਲੈ ਕੇ ਕੱਲ੍ਹ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ “ਦੋਵਾਂ ਦੇਸ਼ਾਂ ਦੀ ਫੌਜਾਂ ਦੇ ਪਿੱਛੇ ਹਟਣ ਦੀ ਥੋੜੀ ਜਿਹੀ ਗਤੀਵਿਧੀ ਹੋਈ ਹੈ, ਪਰ ਇਹ ਅਜੇ ਪੂਰੀ ਤਰ੍ਹਾਂ ਨਹੀਂ ਹੋਇਆ ਹੈ।”
ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਿਕ ਦੋਵਾਂ ਦੇਸ਼ਾਂ ਦੇ ਸੀਨੀਅਰ ਕਮਾਂਡਰਾਂ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਇੱਕ ਬੈਠਕ ਹੋਵੇਗੀ ਤਾਂ ਜੋ ਆਉਣ ਵਾਲੇ ਸਮੇਂ ‘ਚ ਦੋਵੇਂ ਦੇਸ਼ ਮਿਲ ਕੇ ਕੰਮ ਕਰਨਗੇ। ਉਨ੍ਹਾ ਕਿਹਾ ਕਿ, “ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਸਰਹੱਦੀ ਖੇਤਰਾਂ ‘ਚ ਸ਼ਾਂਤੀ ਤੇ ਸਥਿਰਤਾ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਬੁਨਿਆਦ ਹੈ। ਇਸ ਲਈ, ਅਸੀਂ ਆਸ ਕਰਦੇ ਹਾਂ ਕਿ ਫੌਜ ਦੇ ਵਾਪਸ ਹਟਣ, ਤਣਾਅ ਘਟਾਉਣ ਤੇ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਨੁਮਾਇੰਦਿਆਂ ਵਿਚਾਲੇ ਪਹਿਲਾਂ ਤੋਂ ਹੋਏ ਸਮਝੌਤੇ ਦੇ ਮੁਤਾਬਿਕ ਹੀ ਕੰਮ ਕਰੇਗੀ। ”
ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਫੌਜ ਜ਼ਿਆਦਾਤਰ ਖੇਤਰਾਂ ਤੋਂ ਪਿੱਛੇ ਹੱਟ ਗਈ ਹੈ। ਹਾਲਾਂਕਿ ਚੀਨ ਦੇ ਰਾਜਦੂਤ ਸੁਨ ਵੇਂਗਡੋਂਗ ਨੇ ਕਿਹਾ ਸੀ ਕਿ ਪੈਂਗੋਂਗ ਝੀਲ ਦੇ ਉੱਤਰੀ ਖੇਤਰ ‘ਚ “ਰਵਾਇਤੀ ਸਰਹੱਦ ਰੇਖਾ” ਦੇ ਪਿੱਛੇ ਚੀਨ ਦੀ ਫੌਜ ਹੈ। ਉਸਦੇ ਅਨੁਸਾਰ, “ਚੀਨ ਨੇ ਕਦੇ ਵੀ ਆਪਣੇ ਖੇਤਰ ਤੋਂ ਬਾਹਰ ਜ਼ਮੀਨ ਦਾ ਦਾਅਵਾ ਨਹੀਂ ਕੀਤਾ”।
ਸੁਨ ਵੇਂਗਡੋਂਗ ਨੇ ਇੰਡੀਅਨ ਇੰਸਟੀਚਿਊਟ ਆਫ ਚਾਈਨੀਜ਼ ਸਟੱਡੀਜ਼ ਦੇ ਇੱਕ ਵੈਬਿਨਾਰ ‘ਚ ਕਿਹਾ, “ਚੀਨ ਨੂੰ ਉਮੀਦ ਹੈ ਕਿ ਭਾਰਤ ਦੇ ਸੈਨਿਕ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤੇ ਪ੍ਰੋਟੋਕਾਲਾਂ ਦੀ ਪਾਲਣਾ ਕਰੇਗੀ ਤੇ ਗੈਰਕਾਨੂੰਨੀ ਢੰਗ ਨਾਲ LAC ਨੂੰ ਪਾਰ ਕਰ ਚੀਨ ਨਹੀਂ ਆਉਗੀ।” ਉਸਦੇ ਅਨੁਸਾਰ, “ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਕਾਰਨ ਬਹੁਤੇ ਖੇਤਰਾਂ ਵਿੱਚ ਫ਼ੌਜਾਂ ਦੀ ਵਾਪਸੀ ਹੋ ਗਈ ਹੈ ਤੇ ਜ਼ਮੀਨੀ ਪੱਧਰ’ ਤੇ ਤਣਾਅ ਘੱਟ ਰਿਹਾ ਹੈ।
ਭਾਰਤ ਚੀਨ ਸਰਹੱਦ ‘ਤੇ ਕੀ ਹਾਲਾਤ ਹੈ?
ਦੋਵਾਂ ਦੇਸ਼ਾਂ ਦੇ ਬਿਆਨਾਂ ਤੋਂ ਲੱਦਾਖ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਕਿਉਂਕਿ ਇੱਕ ਪਾਸੇ, ਚੀਨ ਕਹਿ ਰਿਹਾ ਹੈ ਕਿ ਜ਼ਿਆਦਾਤਰ ਖੇਤਰਾਂ ‘ਚ ਫ਼ੌਜਾਂ ਪਿੱਛੇ ਹੱਟ ਗਈਆਂ ਹਨ, ਜਦਕਿ ਭਾਰਤ ਕਹਿੰਦਾ ਹੈ ਕਿ ਉਦੇਸ਼ ਨੂੰ ਲੈ ਕੇ ਚੀਨੀ ਸੈਨਾ ਦੀ ਥੋੜੀ ਹੀ ਹਿੱਲ-ਡੁੱਲ ਹੋਈ ਹੈ।
ਇਸ ਨੂੰ ਸਮਝਣ ਲਈ, BBC ਨੇ JNU ਦੇ ਪ੍ਰੋਫੈਸਰ ਸਵਰਨ ਸਿੰਘ ਨਾਲ ਗੱਲਬਾਤ ਕੀਤੀ, ਜੋ ਚੀਨ ਮਾਮਲਿਆ ਦੇ ਜਾਣਕਾਰ ਹਨ। ਪ੍ਰੋਫੈਸਰ ਸਵਰਨ ਸਿੰਘ ਨੇ ਕਿਹਾ, “ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਦੋਵਾਂ ਪਾਸਿਆਂ ਤੋਂ ਵੱਖਰੇ ਬਿਆਨ ਆ ਰਹੇ ਹਨ ਕਿਉਂਕਿ ਦੋਵਾਂ ਦੇਸ਼ਾਂ ਦੀ LAC ਨੂੰ ਲੈ ਕੇ ਅਲੱਗ – ਅਲੱਗ ਸਮਝ ਹੈ”। ਫੋਰਸਾਂ ਲਗਾਤਾਰ ਸਰਹੱਦ ‘ਤੇ ਗਸ਼ਤ ਕਰ ਰਹੀਆਂ ਹਨ, ਸਰਹੱਦ ਪੂਰੀ ਤਰ੍ਹਾਂ ਤੈਅ ਨਹੀਂ ਹੈ, ਇਸ ਲਈ ਝਗੜਾ ਸ਼ੁਰੂ ਹੋਣ ਤੋਂ ਪਹਿਲਾਂ ਕਿਹੜੀ ਸੈਨਾ ਕਿਹੜੀ ਜਗ੍ਹਾ’ ਤੇ ਸੀ, ਇਹ ਕਹਿਣਾ ਮੁਸ਼ਕਲ ਵੀ ਹੈ।
ਸਵਰਨ ਸਿੰਘ ਦੇ ਅਨੁਸਾਰ, “ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਜਿਸ ਨੂੰ LAC ਮੰਨਦਾ ਹੈ, ਚੀਨ ਉਸ ਦੇ ਪਿੱਛੇ ਨਹੀਂ ਹੈ। ਪਰੰਤੂ ਚੀਨ ਦੀ ਆਪਣੀ ਵਿਆਖਿਆ ਦੇ ਅਨੁਸਾਰ ਉਹ ਆਪਣਾ ਹਿੱਸੇ ਵਿੱਚ ਹੈ।” ਸਵਰਨ ਸਿੰਘ ਇਹ ਵੀ ਮੰਨਦੇ ਹਨ ਕਿ ਇਹ ‘ਦੋ ਕਦਮ ਅੱਗੇ ਤੇ ਇੱਕ ਕਦਮ ਪਿੱਛੇ’ ਦੀ ਚੀਨ ਦੀ ਰਣਨੀਤੀ ਦਾ ਹਿੱਸਾ ਵੀ ਹੋ ਸਕਦਾ ਹੈ।
ਸਾਬਕਾ ਡਿਪਲੋਮੈਟ ਪੀ ਸਟੋਬਟਨ ਦੇ ਅਨੁਸਾਰ, “ਫਿਲਹਾਲ ਜ਼ਮੀਨੀ ਹਾਲਾਤ ਕੀ ਹਨ, ਇਸ ‘ਤੇ ਸਰਕਾਰ ਪਤਾ ਲਗਾ ਰਹੀ ਹੈ, ਕਿ ਕਿਹੜੀ-ਕਿਹੜੀ ਥਾਵਾਂ’ ਤੇ ਫੌਜਾਂ ਪਿੱਛੇ ਹੱਟ ਗਈਆਂ ਹਨ, ਜਾਣਕਾਰੀ ਇਕੱਠੀ ਕੀਤੀ ਜਾਂ ਰਹੀ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਵੱਲੋਂ ਇਸ ਸੰਬੰਧੀ ਕਈ ਸਰਵੇਖਣ ਕੀਤੇ ਜਾਣਗੇ। ਸਾਨੂੰ ਸਰਕਾਰ ਨੂੰ ਸਵੀਕਾਰਨਾ ਪਏਗਾ ਜੋ ਇਸ ਮਾਮਲੇ ‘ਚ ਜਾਣਕਾਰੀ ਦੇ ਰਹੀ ਹੈ। ”
ਸਟੋਬਟਨ ਨੇ ਕਿਹਾ ਕਿ, ‘ਇਹ ਸੰਭਵ ਹੈ ਕਿ ਸਰਕਾਰ ਦੇ ਅਨੁਸਾਰ, ਜਿੱਥੋਂ ਤੱਕ ਫੌਜ ਨੂੰ ਪਿੱਛੇ ਹਟਣਾ ਚਾਹੀਦਾ ਸੀ, ਉਹ ਉੱਥੇ ਤੱਕ ਨਹੀ ਹਟੀ ਹੈ। ਇਸ ਲਈ ਇਸ ਤਰ੍ਹਾਂ ਦੇ ਬਿਆਨ ਆ ਰਹੇ ਹਨ। ਇਸ ਤੋਂ ਇਲਾਵਾ, ਇਹ ਸਮਝਣਾ ਮਹੱਤਵਪੂਰਨ ਹੈ ਕਿ ਡਿਸਕਲੇਸ਼ਨ ਇੱਕ ਲੰਬੀ ਪ੍ਰਕਿਰਿਆ ਹੋ ਸਕਦੀ ਹੈ।
ਸਟੋਬਟਨ ਦਾ ਮੰਨਣਾ ਹੈ ਕਿ ਜੇ ਦੋਵੇਂ ਫ਼ੌਜਾਂ ਇੱਕ ਦੂਜੇ ਦੇ ਸਾਹਮਣੇ ਨਹੀਂ ਖੜੀਆਂ ਹਨ, ਤਾਂ ਇਹ ਇੱਕ ਚੰਗਾ ਸੰਕੇਤ ਹੈ। ਉਸ ਦੇ ਅਨੁਸਾਰ, “ਸਭ ਤੋਂ ਮਹੱਤਵਪੂਰਨ ਗੱਲ ਸੀ ਕਿ ਸਰਹੱਦ‘ ਤੇ ਤਣਾਅ ਨੂੰ ਘਟਾਇਆ ਜਾਵੇ, ਪਿਛਲੇ ਮਹੀਨੇ ਦੇ ਮੁਕਾਬਲੇ ਤਣਾਅ ਘੱਟ ਹੋਇਆ ਹੈ, ਤਾਂ ਇਸਦਾ ਮਤਲਬ ਹੈ ਕਿ ਸਥਿਤੀ ਬਿਹਤਰ ਹੈ।
ਸਰਹੱਦ ‘ਤੇ ਸ਼ਾਂਤੀ ਦੀ ਕੋਸ਼ਿਸ਼
ਪਿਛਲੇ ਮਹੀਨੇ ਸਿਰਫ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਸ਼ਾਂਤੀ ਨੂੰ ਲੈ ਕੇ ਯਤਨ ਸ਼ੁਰੂ ਹੋਏ ਸਨ।
ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਟੈਲੀਫੋਨ ‘ਤੇ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਬਿਆਨ ਜਾਰੀ ਕੀਤੇ ਗਏ।
ਭਾਰਤ ਦੀ ਤਰਫੋਂ ਕਿਹਾ ਗਿਆ ਕਿ, ਗੱਲਬਾਤ ਤੋਂ ਬਾਅਦ, ਭਾਰਤ-ਚੀਨ ਦੇ ਨੁਮਾਇੰਦਿਆਂ ਨੇ ਇਸ ਗੱਲ ‘ਤੇ ਸਹਿਮਤ ਹੋਏ ਹਨ ਕਿ ਅਸਲ ਕੰਟਰੋਲ ਲਾਈਨ ‘ਤੇ ਫੌਜਾਂ ਦੇ ਛੇਕਣ ਦੀ ਪ੍ਰਕਿਰਿਆ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਵੇਗੀ।
ਇਸ ਤੋਂ ਬਾਅਦ ਚੀਨ ਨੇ ਵੀ ਭਾਰਤ ਵਾਂਗ ਆਪਣੇ ਬਿਆਨ ‘ਚ ਚਾਰ ਮੁੱਖ ਨੁਕਤਿਆਂ ‘ਤੇ ਸਹਿਮਤੀ ਜਤਾਉਂਦਿਆ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਅਤੇ ਸੈਨਿਕ ਪੱਧਰੀ ਗੱਲਬਾਤ ਦੀ ਪ੍ਰਕਿਰਿਆ ਜਾਰੀ ਰਹੇਗੀ। ਹਾਲਾਂਕਿ ਚੀਨੀ ਸਰਕਾਰ ਦੇ ਬਿਆਨ ਵਿੱਚ ਨਾ ਤਾਂ ਡਿਸ-ਐਗਜੈਗਮੈਂਟ ਸ਼ਬਦ ਦੀ ਵਰਤੋਂ ਕੀਤੀ ਗਈ ਸੀ ਤੇ ਨਾ ਹੀ ਡੀ-ਐਸਕੇਲੇਸ਼ਨ ਦੀ ਪ੍ਰਕਿਰਿਆ ਦਾ ਜ਼ਿਕਰ ਕੀਤਾ ਗਿਆ ਸੀ।
ਭਾਰਤ-ਚੀਨ ਵਿਵਾਦ ਕਿੰਝ ਸੁਲਝੇਗਾ?
ਪ੍ਰੋ. ਸਵਰਨ ਸਿੰਘ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਦੇਸ਼ ਮੰਤਰਾਲੇ ਦੇ ਪੱਧਰ ‘ਤੇ ਆਪਸੀ ਤਾਲਮੇਲ ਤੇ ਸਮਝ ਵਿਕਸਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ, “ਦੋਵਾਂ ਦੇਸ਼ਾਂ ਦਾ ਕਹਿਣਾ ਹੈ ਕਿ ਉਹ ਸਰਹੱਦ ‘ਤੇ ਸ਼ਾਂਤੀ ਚਾਹੁੰਦੇ ਹਨ, ਜੋ ਕਿ ਇੱਕ ਚੰਗਾ ਸੰਕੇਤ ਹੈ। ਇਸ ਤੋਂ ਇਲਾਵਾ, ਫੌਜ ਦੇ ਅਧਿਕਾਰੀਆਂ ਦੇ ਪੱਧਰ’ ਤੇ ਨਿਰੰਤਰ ਗੱਲਬਾਤ ਜਾਰੀ ਹੈ।”
ਮਾਹਰ ਕਹਿੰਦੇ ਹਨ ਕਿ ਚੀਨ ਦੇ ਬਿਆਨ ਨਾਲ ਇਹ ਅਰਥ ਨਹੀਂ ਹਟਣੇ ਚਾਹੀਦੇ ਕਿ ਸਰਹੱਦ ‘ਤੇ ਸਥਿਤੀ ਤਣਾਅਪੂਰਨ ਬਣ ਰਹੀ ਹੈ, ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਪਰ ਇਹ ਸੋਚਣਾ ਸਹੀ ਨਹੀਂ ਹੈ ਕਿ ਇੰਨੀ ਜਲਦੀ ਸਭ ਕੁੱਝ ਆਮ ਹੋ ਜਾਵੇਗਾ। ਕੂਟਨੀਤੀ ਦੇ ਪੱਧਰ ‘ਤੇ ਸਰਹੱਦੀ ਵਿਵਾਦ ਦੇ ਹੱਲ ਲਈ ਕੋਸ਼ਿਸ਼ਾਂ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ।