ਤਹਿਰਾਨ (5 ਅਪ੍ਰੈਲ, 2026): ਇਰਾਨ ਅਤੇ ਅਮਰੀਕਾ ਵਿਚਾਲੇ ਜੰਗ ਦੇ ਬੱਦਲ ਹੋਰ ਗੂੜ੍ਹੇ ਹੋ ਗਏ ਹਨ। ਇਰਾਨ ਦੇ ਇੱਕ ਸੁਰੱਖਿਆ ਅਧਿਕਾਰੀ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਇੱਕ ਅਜਿਹਾ ‘ਸਰਪ੍ਰਾਈਜ਼’ ਤਿਆਰ ਹੈ ਜਿਸ ਲਈ ਦੁਸ਼ਮਣ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਇਰਾਨੀ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਲਈ ਇਰਾਨ ਨੂੰ ਹਰਾਉਣਾ ਇੱਕ ਅਜਿਹਾ ਦਲਦਲ ਬਣ ਚੁੱਕਾ ਹੈ ਜਿਸ ਵਿੱਚ ਉਹ ਖ਼ੁਦ ਫਸਦਾ ਜਾ ਰਿਹਾ ਹੈ।
ਇਤਿਹਾਸ ਦਾ ਸਭ ਤੋਂ ਦਲੇਰਾਨਾ ਰੈਸਕਿਊ ਆਪ੍ਰੇਸ਼ਨ
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਸਪੈਸ਼ਲ ਫੋਰਸਿਜ਼ ਨੇ ਇਰਾਨ ਦੇ ਅੰਦਰ ਵੜ ਕੇ ਆਪਣੇ ਇੱਕ ਪਾਇਲਟ ਅਤੇ ਵੈਪਨ ਸਿਸਟਮ ਅਫ਼ਸਰ ਨੂੰ ਸੁਰੱਖਿਅਤ ਬਚਾ ਲਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਰਾਨ ਨੇ ਅਮਰੀਕਾ ਦਾ ਇੱਕ F-15 ਫਾਈਟਰ ਜੈੱਟ ਮਾਰ ਗਿਰਾਇਆ ਸੀ। ਇਸ ਜੰਗ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਦੁਸ਼ਮਣ ਨੇ ਅਮਰੀਕੀ ਲੜਾਕੂ ਜਹਾਜ਼ ਨੂੰ ਡੇਗਿਆ ਹੈ।
ਜਹਾਜ਼ ਡਿੱਗਣ ਤੋਂ ਬਾਅਦ ਪਾਇਲਟ ਨੂੰ ਤਾਂ ਤੁਰੰਤ ਬਚਾ ਲਿਆ ਗਿਆ ਸੀ, ਪਰ ਦੂਜਾ ਅਫ਼ਸਰ ਜ਼ਖ਼ਮੀ ਹੋਣ ਕਾਰਨ ਇਰਾਨ ਦੇ ਪਹਾੜੀ ਇਲਾਕੇ ਵਿੱਚ ਲੁਕ ਗਿਆ ਸੀ। ਉਸ ਕੋਲ ਸਿਰਫ਼ ਇੱਕ ਪਿਸਤੌਲ ਸੀ ਅਤੇ ਇਰਾਨੀ ਫ਼ੌਜ (IRGC) ਉਸ ਦੀ ਭਾਲ ਕਰ ਰਹੀ ਸੀ। CIA ਨੇ ਇਰਾਨੀ ਫ਼ੌਜ ਨੂੰ ਭਟਕਾਉਣ ਲਈ ਗਲਤ ਅਫ਼ਵਾਹਾਂ ਫੈਲਾਈਆਂ ਅਤੇ ਫਿਰ ਗੁਪਤ ਤਕਨੀਕ ਰਾਹੀਂ ਅਫ਼ਸਰ ਦੀ ਲੋਕੇਸ਼ਨ ਲੱਭ ਕੇ ਰਾਤੋ-ਰਾਤ ਇੱਕ ਵੱਡਾ ਆਪ੍ਰੇਸ਼ਨ ਚਲਾਇਆ। ਟਰੰਪ ਨੇ ਇਸ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਦਲੇਰਾਨਾ ਮਿਸ਼ਨ ਦੱਸਿਆ ਹੈ।
ਟਰੰਪ ਦਾ ਅਲਟੀਮੇਟਮ ਤੇ ਇਰਾਨ ਦਾ ਜਵਾਬ
ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ 48 ਘੰਟਿਆਂ ਅੰਦਰ ਹੋੁਰਮੁਜ਼ ਜਲਡਮਰੂ (Strait of Hormuz) ਖੋਲ੍ਹਣ ਜਾਂ ਸਮਝੌਤਾ ਕਰਨ ਦਾ ਅਲਟੀਮੇਟਮ ਦਿੱਤਾ ਸੀ, ਜਿਸ ਨੂੰ ਇਰਾਨ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਇਰਾਨੀ ਫ਼ੌਜ ਨੇ ਕਿਹਾ ਹੈ ਕਿ ਅਮਰੀਕਾ ਘਬਰਾਹਟ ਵਿੱਚ ਅਜਿਹੀਆਂ ਧਮਕੀਆਂ ਦੇ ਰਿਹਾ ਹੈ ਅਤੇ ਜੇਕਰ ਹਮਲੇ ਵਧੇ ਤਾਂ ਅਮਰੀਕਾ ਦਾ ਹਾਲ ਨਰਕ ਤੋਂ ਵੀ ਮਾੜਾ ਹੋਵੇਗਾ।

