The Khalas Tv Blog International ਈਰਾਨ ਨੇ ਜੰਗਬੰਦੀ ਦਾ ਕੀਤਾ ਐਲਾਨ, ਟਰੰਪ ਨੇ ਕਿਹਾ- ‘ਜੰਗਬੰਦੀ ਹੁਣ ਲਾਗੂ ਹੈ, ਕਿਰਪਾ ਕਰਕੇ ਇਸਨੂੰ ਨਾ ਤੋੜੋ’
International

ਈਰਾਨ ਨੇ ਜੰਗਬੰਦੀ ਦਾ ਕੀਤਾ ਐਲਾਨ, ਟਰੰਪ ਨੇ ਕਿਹਾ- ‘ਜੰਗਬੰਦੀ ਹੁਣ ਲਾਗੂ ਹੈ, ਕਿਰਪਾ ਕਰਕੇ ਇਸਨੂੰ ਨਾ ਤੋੜੋ’

12 ਦਿਨਾਂ ਤੱਕ ਚੱਲੀ ਜੰਗ ਦੇ ਬਾਅਦ ਅੱਜ ਆਖ਼ਿਰਕਾਰ ਈਰਾਨ-ਇਜ਼ਰਾਈਲ ਵਿਚਾਲੇ ਜੰਗਬੰਦੀ ਹੋ ਗਈ ਹੈ। ਬੀਤੀ ਰਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਹਾਂ ਦੇਸ਼ਾਂ ਵਿਚਾਲੇ ਸੀਜ਼ਫਾਈਰ ਦਾ ਐਲਾਨ ਕੀਤਾ ਸੀ, ਪਰ ਇਸ ਦੇ ਬਾਵਜੂਦ ਈਰਾਨ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ ਸਨ। ਹੁਣ ਇਸ ਤੋਂ ਬਾਅਦ ਅੱਜ ਈਰਾਨ ਨੇ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਹੈ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਪ੍ਰੈਸ ਟੀਵੀ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ‘ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਤੋਂ ਤੁਰੰਤ ਬਾਅਦ ਜੰਗਬੰਦੀ ਲਾਗੂ ਹੋ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮਿਜ਼ਾਈਲਾਂ ਨੂੰ ਇਜ਼ਰਾਈਲੀ ਰੱਖਿਆ ਪ੍ਰਣਾਲੀ ਦੁਆਰਾ ਰੋਕ ਦਿੱਤਾ ਗਿਆ ਸੀ, ਪਰ ਇੱਕ ਮਿਜ਼ਾਈਲ ਬੇਰਸ਼ੇਬਾ ਵਿੱਚ ਇੱਕ ਅਪਾਰਟਮੈਂਟ ਇਮਾਰਤ ‘ਤੇ ਡਿੱਗੀ, ਜਿਸ ਵਿੱਚ ਘੱਟੋ-ਘੱਟ ਚਾਰ ਲੋਕ ਮਾਰੇ ਗਏ।

ਟਰੰਪ ਨੇ ਕਿਹਾ- ਹੁਣ ਤੋਂ ਜੰਗਬੰਦੀ ਲਾਗੂ ਹੈ, ਇਸਨੂੰ ਨਾ ਤੋੜੋ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਜੰਗਬੰਦੀ ਬਾਰੇ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ – ਜੰਗਬੰਦੀ ਹੁਣ ਤੋਂ ਲਾਗੂ ਹੋ ਰਹੀ ਹੈ। ਕਿਰਪਾ ਕਰਕੇ ਇਸਨੂੰ ਨਾ ਤੋੜੋ।

ਜ਼ਿਕਰਯੋਗ ਹੈ ਕਿ ਬੀਤੇ 12 ਦਿਨਾਂ ‘ਚ ਦੋਵਾਂ ਦੇਸ਼ਾਂ ਵਿਚਾਲੇ ਹੋਏ ਭਿਆਨਕ ਹਮਲਿਆਂ ਕਾਰਨ ਹੁਣ ਤੱਕ 1000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ, ਜਦਕਿ ਹਜ਼ਾਰਾਂ ਹੀ ਹੋਰ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਬਿਲਡਿੰਗਾਂ ਢਹਿ-ਢੇਰੀ ਹੋ ਚੁੱਕੀਆਂ ਹਨ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ। ਫਿਲਹਾਲ ਇਸ ਸੀਜ਼ਫਾਇਰ ਮਗਰੋਂ ਉਮੀਦ ਹੈ ਕਿ ਦੋਵੇਂ ਦੇਸ਼ ਹੁਣ ਆਪਣੇ ਮੁੱਦੇ ਗੱਲ਼ਬਾਤ ਰਾਹੀਂ ਹੱਲ ਕਰਨਗੇ, ਤਾਂ ਜੋ ਦੁਬਾਰਾ ਜੰਗ ਦੀ ਸਥਿਤੀ ਨਾ ਬਣ ਜਾਏ।

ਜੰਗਬੰਦੀ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਦੀ ਚੁੱਪੀ

ਟਰੰਪ ਦੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਨੇ ਚੁੱਪੀ ਬਣਾਈ ਰੱਖੀ ਹੈ। ਨਾ ਤਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਨਾ ਹੀ ਕਿਸੇ ਹੋਰ ਸੀਨੀਅਰ ਇਜ਼ਰਾਈਲੀ ਅਧਿਕਾਰੀ ਨੇ ਇਸ ਪੂਰੇ ਮਾਮਲੇ ‘ਤੇ ਕੋਈ ਰਸਮੀ ਜਾਂ ਜਨਤਕ ਬਿਆਨ ਦਿੱਤਾ ਹੈ। ਇਸ ਲਈ, ਜੰਗਬੰਦੀ ਸੰਬੰਧੀ ਸਥਿਤੀ ਅਜੇ ਵੀ ਅਨਿਸ਼ਚਿਤ ਹੈ।

ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਦੇ ਅਨੁਸਾਰ, ਇੱਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਦੋਵੇਂ ਧਿਰਾਂ ਇਸਦਾ ਪਾਲਣ ਕਰਦੀਆਂ ਹਨ। ਅਧਿਕਾਰੀ ਨੇ ਕਿਹਾ, “ਟਰੰਪ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ। ਜੇਕਰ ਸਾਰੀਆਂ ਧਿਰਾਂ ਇਸਦਾ ਪਾਲਣ ਕਰਦੀਆਂ ਹਨ, ਤਾਂ ਇਹ ਜਾਰੀ ਰਹੇਗਾ।”

 

Exit mobile version