ਬਿਉਰੋ ਰਿਪੋਰਟ: ਸਾਊਦੀ ਅਰਬ ਦੇ ਜੇਦਾਹ ਵਿੱਚ ਇੰਡੀਅਨ ਪ੍ਰੀਮੀਅਰ ਲੀਗ (IPL) 2025 ਲਈ ਮੇਗਾ ਨਿਲਾਮੀ ਸ਼ੁਰੂ ਹੋ ਗਈ ਹੈ। ਮੈਗਾ ਨਿਲਾਮੀ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਈ ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਅੱਜ ਪੰਜਾਬ ਕਿੰਗਜ਼ ਨੇ ਮੁਹਾਲੀ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ਰੁਪਏ ਵਿੱਚ ਖ਼ਰੀਦ ਲਿਆ ਹੈ। ਪੰਜਾਬ ਕਿੰਗਜ਼ ਨੇ ਰਾਈਟ ਟੂ ਮੈਚ (RTM) ਕਾਰਡ ਦੀ ਵਰਤੋਂ ਕੀਤੀ। 2019 ਵਿੱਚ ਅਰਸ਼ਦੀਪ ਨੂੰ 20 ਲੱਖ ਰੁਪਏ ਵਿੱਚ ਖ਼ਰੀਦਿਆ ਗਿਆ ਸੀ।
ਇਸਦੇ ਨਾਲ ਹੀ ਪੰਜਾਬ ਕਿੰਗਜ਼ ਨੇ ਜੀਂਦ ਦੇ ਸਪਿਨਰ ਯੁਜਵੇਂਦਰ ਚਾਹਲ ਨੂੰ ਵੀ 18 ਕਰੋੜ ਰੁਪਏ ਵਿੱਚ ਖਰੀਦਿਆ। ਉਹ IPL ਇਤਿਹਾਸ ਵਿੱਚ ਸਭ ਤੋਂ ਮਹਿੰਗਾ ਭਾਰਤੀ ਸਪਿਨਰ ਬਣ ਗਿਆ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਪਿਛਲੇ ਸੀਜ਼ਨ ’ਚ ਚਾਹਲ ਨੇ ਰਾਜਸਥਾਨ ਲਈ ਖੇਡਦੇ ਹੋਏ 15 ਮੈਚਾਂ ’ਚ 18 ਵਿਕਟਾਂ ਲਈਆਂ ਸਨ। ਚਾਹਲ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ। ਉਸਨੇ 2013 ਵਿੱਚ ਆਈਪੀਐਲ ਵਿੱਚ ਆਪਣਾ ਡੈਬਿਊ ਕੀਤਾ ਸੀ, ਉਸ ਤੋਂ ਬਾਅਦ 2024 ਤੱਕ ਉਸਨੇ 160 ਮੈਚਾਂ ਵਿੱਚ 205 ਵਿਕਟਾਂ ਲਈਆਂ ਹਨ।
ਇਸ ਨਿਲਾਮੀ ਵਿੱਚ ਸ਼੍ਰੇਅਸ ਅਈਅਰ ਆਈਪੀਐਲ ਇਤਿਹਾਸ ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਪੰਜਾਬ ਕਿੰਗਜ਼ ਨੇ ਉਸ ਨੂੰ 26.75 ਕਰੋੜ ਦੀ ਬੋਲੀ ਲਗਾ ਕੇ ਖ਼ਰੀਦਿਆ ਹੈ। ਉਹ ਇਸ ਨਿਲਾਮੀ ਵਿੱਚ ਵਿਕਣ ਵਾਲਾ ਪਹਿਲਾ ਕਪਤਾਨ ਹੈ।
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਕ੍ਰਿਕੇਟਰ ਬਣ ਗਿਆ ਹੈ। ਲਖਨਊ ਸੁਪਰ ਜਾਇੰਟਸ ਨੇ ਸਾਊਦੀ ਅਰਬ ਦੇ ਜੇਦਾਹ ਵਿੱਚ ਚੱਲ ਰਹੀ ਆਈਪੀਐਲ ਮੈਗਾ ਨਿਲਾਮੀ ਵਿੱਚ ਉਸਨੂੰ 27 ਕਰੋੜ ਰੁਪਏ ਵਿੱਚ ਖਰੀਦਿਆ।
IPL ਦੀਆਂ 10 ਫ੍ਰੈਂਚਾਇਜ਼ੀ ਟੀਮਾਂ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕੇਟ ਦੇ 574 ਖਿਡਾਰੀਆਂ ’ਤੇ ਬੋਲੀ ਲਗਾ ਰਹੀਆਂ ਹਨ। ਟੀਮਾਂ ਕੋਲ ਕੁੱਲ 204 ਖਿਡਾਰੀਆਂ ਦੀਆਂ ਅਸਾਮੀਆਂ ਖਾਲੀ ਹਨ।