‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- IPL-2021 ਵਿੱਚ ਦਿੱਲੀ ਕੈਪੀਟਲਸ ਨੇ ਚੇਨੱਈ ਸੁਪਰਕਿੰਗਸ ਨੂੰ ਕਰਾਰੀ ਹਾਰ ਦਿੱਤੀ ਹੈ। ਇਸ ਦੌਰਾਨ ਮਹੇਂਦਰ ਸਿੰਘ ਧੋਨੀ ਨੂੰ ਇਸ ਹਾਰ ਤੋਂ ਬਾਅਦ ਇਕ ਹੋਰ ਵੱਡਾ ਝੱਟਕਾ ਲੱਗਾ ਹੈ। ਧੋਨੀ ਦੀ ਅਗਵਾਈ ਵਾਲੀ ਚੇਨੱਈ ਸੁਪਰਕਿੰਗਸ ਨੂੰ ਰਿਸ਼ਭ ਪੰਤ ਦੀ ਦਿੱਲੀ ਕੈਪੀਟਲਸ ਤੋਂ ਹਾਰ ਦਾ ਸਾਹਮਣਾ ਤਾਂ ਕਰਨਾ ਹੀ ਪਿਆ ਹੈ ਸਗੋਂ ਹਾਰ ਤੋਂ ਬਾਅਦ ਹੌਲ਼ੀ ਓਵਰ ਰੇਟ ਦੇ ਚੱਲਦਿਆਂ 12 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ।
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਚੇਨੱਈ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ ਫਾਫ ਡੂ ਪਲੇਸਿਸ ਦਾ ਵਿਕੇਟ ਕੁੱਲ ਸੱਤ ਰਨ ਦੇ ਸਕੋਰ ‘ਤੇ ਗਵਾ ਦਿੱਤਾ। ਡੂ ਪਲੇਸਿਸ ਤਿੰਨ ਗੇਂਦਾਂ ਖੇਡ ਕੇ ਖਾਤਾ ਖੋਲ੍ਹੇ ਬਗੈਰ ਹੀ ਆਊਟ ਹੋ ਗਏ। ਇਸ ਤੋਂ ਕੁਝ ਸਮਾਂ ਬਾਅਦ ਹੀ ਟੀਮ ਦੇ ਇਸ ਸਕੋਰ ‘ਤੇ ਰਿਤੂਰਾਜ ਗਾਇਕਵਾੜ ਆਪਣਾ ਵਿਕੇਟ ਗਵਾ ਬੈਠੇ। ਉਨ੍ਹਾਂ ਅੱਠ ਗੇਂਦਾ ‘ਤੇ ਇਕ ਚੌਕੇ ਦੀ ਮਦਦ ਨਾਲ ਪੰਜ ਰਨ ਹੀ ਬਣਾਏ।
ਅੰਕੜਿਆਂ ਅਨੁਸਾਰ ਸ਼ੁਰੂਆਤੀ ਝਟਕਿਆਂ ‘ਚ ਮੋਇਨ ਅਲੀ ਤੇ ਰੈਨਾ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਦੋਵੇਂ ਬੱਲੇਬਾਜ਼ਾਂ ਵਿਚ ਤੀਜੇ ਵਿਕੇਟ ਲਈ 53 ਦੌੜਾਂ ਦੀ ਸਾਂਝੇਦਾਰੀ ਬਣੀ। ਇਹ ਸਾਂਝੇਦਾਰੀ ਟੁੱਟਣ ਤੋਂ ਬਾਅਦ ਅੰਬਾਤੀ ਰਾਇਡੂ ਤੇ ਰੈਨਾ ਨੇ ਚੌਥੇ ਵਿਕੇਟ ਲਈ 63 ਰਨ ਜੋੜੇ ਪਰ ਰਾਇਡੂ 16 ਗੇਂਦਾਂ ‘ਤੇ ਇਕ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 23 ਰਨ ਦੇਕੇ ਆਊਟ ਹੋਏ।
ਰੈਨਾ ਨੇ ਇਸ ਤੋਂ ਬਾਅਦ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਉਹ ਰਨ ਆਊਟ ਹੋਕੇ ਪਵੇਲੀਅਨ ਪਰਤ ਗਏ। ਰੈਨਾ ਦੇ ਆਊਟ ਹੋਣ ਮਗਰੋਂ ਕਪਤਾਨ ਮਹਿੰਦਰ ਸਿੰਘ ਧੋਨੀ ਖਾਤਾ ਖੋਲ੍ਹੇ ਬਿਨਾਂ ਹੀ ਬੋਲਡ ਹੋ ਗਏ।