ਬਿਉਰੋ ਰਿਪੋਰਟ – ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ (Inzamam-Ul-Haq ) ਨੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ’ਤੇ ਗੰਭੀਰ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਕਿਹਾ ਆਸਟ੍ਰੇਲੀਆ ਦੇ ਨਾਲ ਖੇਡੇ ਗਏ ਟੀ-20 ਵਰਲਡ ਕੱਪ ਸੁਪਰ -8 (T-20 WORLD CUP SUPER 8) ਦੇ ਮੈਚ ਵਿੱਚ ਗੇਂਦ ਦੇ ਨਾਲ ਛੇੜਖਾਨੀ ਕੀਤੀ ਗਈ ਹੈ।
1992 ਵਰਲਡ ਕੱਪ ਦੀ ਜੇਤੂ ਪਾਕਿਸਤਾਨੀ ਟੀਮ ਦੇ ਖਿਡਾਰੀ ਇੰਜ਼ਮਾਮ ਦਾ ਕਹਿਣਾ ਹੈ ਕਿ ਜਦੋਂ 16 ਓਵਰ ਵਿੱਚ ਆਸਟ੍ਰੇਲੀਆ ਖ਼ਿਲਾਫ਼ ਅਰਸ਼ਦੀਪ ਸਿੰਘ ਨੂੰ ਗੇਂਦ ਦਿੱਤੀ ਗਈ ਤਾਂ ਉਹ ਰੀਵਰਸ ਸਵਿੰਗ (Reverse Swing) ਹੋ ਰਹੀ ਸੀ ਜਦਕਿ ਗੇਂਦ ਜਦੋਂ ਪੁਰਾਣੀ ਹੋ ਜਾਵੇ ਤਾਂ ਹੀ ਰੀਵਰਸ ਸਵਿੰਗ ਹੁੰਦੀ ਹੈ। ਇੰਜ਼ਮਾਮ ਨੇ ਦਾਅਵਾ ਕੀਤਾ ਕਿ 20 ਓਵਰ ਦੇ ਖੇਡ ਵਿੱਚ ਗੇਂਦ ਨਵੀਂ ਰਹਿੰਦੀ ਹੈ ਉਸ ਵਿੱਚ ਰੀਵਰਸ ਸਵਿੰਗ ਨਹੀਂ ਹੋ ਸਕਦੀ ਯਾਨੀ ਟੀਮ ਇੰਡੀਆ ਦੇ ਖਿਡਾਰੀਆਂ ਨੇ ਗੇਂਦ ਦੇ ਨਾਲ ਛੇੜਖਾਨੀ ਕੀਤੀ ਹੈ।
ਇੰਜ਼ਮਾਮ ਨੇ ਕਿਹਾ ਅੰਪਾਇਰ ਨੂੰ ਇਸ ’ਤੇ ਨਜ਼ਰ ਰੱਖਣੀ ਚਾਹੀਦੀ ਸੀ ਕੀ ਗੇਂਦ ਨਾਲ ਕੋਈ ਛੇੜਖਾਨੀ ਤਾਂ ਨਹੀਂ ਕਰ ਰਿਹਾ ਹੈ। ਇੰਜ਼ਮਾਮ ਪਾਕਿਸਤਾਨ ਦੇ ਅਜਿਹੇ ਖਿਡਾਰੀ ਹਨ ਜਿੰਨਾਂ ਦਾ ਸਤਿਕਾਰ ਟੀਮ ਇੰਡੀਆ ਦੇ ਖਿਡਾਰੀ ਵੀ ਕਰਦੇ ਹਨ, ਪਰ ਉਨ੍ਹਾਂ ਦਾ ਅਰਸ਼ਦੀਪ ਸਿੰਘ ਅਤੇ ਟੀਮ ਇੰਡੀਆ ਖ਼ਿਲਾਫ਼ ਲਗਾਇਆ ਗਿਆ ਇਲਜ਼ਾਮ ਕਿਸੇ ਨੂੰ ਹਜ਼ਮ ਨਹੀਂ ਹੋ ਰਿਹਾ ਹੈ।
ਅਰਸ਼ਦੀਪ ਸਿੰਘ ਨੂੰ ਅਖ਼ੀਰਲੇ ਓਵਰ ਦਾ ਸਪੈਸ਼ਲਿਸਟ ਗੇਂਦਬਾਜ਼ ਮੰਨਿਆ ਜਾਂਦਾ ਹੈ, ਉਨ੍ਹਾਂ ਨੇ ਕਈ ਮੌਕਿਆਂ ’ਤੇ ਆਪਣੀ ਗੇਂਦਬਾਜ਼ੀ ਨਾਲ ਸਾਬਿਤ ਵੀ ਕਰ ਵਿਖਾਇਆ ਹੈ। ਆਸਟ੍ਰੇਲੀਆ ਦੇ ਨਾਲ ਖੇਡੇ ਗਏ ਅਹਿਮ ਮੈਚ ਵਿੱਚ ਵੀ ਅਰਸ਼ਦੀਪ ਨੇ ਅਖ਼ੀਰ ਵਿੱਚ 2 ਵਿਕਟ ਹਾਸਲ ਕਰਕੇ ਆਸਟ੍ਰੇਲੀਆ ਟੀਮ ਦੀ ਕਮਰ ਤੋੜ ਦਿੱਤੀ ਸੀ।
ਫਿਲਹਾਲ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਕਰਕੇ ਟੀਮ ਇੰਡੀਆ ਨੇ 50-50 ਵਰਲਡ ਕੱਪ ਦੇ ਫਾਈਨਲ ਦਾ ਬਦਲਾ ਕਿਧਰੇ ਨਾ ਕਿਧਰੇ ਲੈ ਲਿਆ ਹੈ। ਆਸਟ੍ਰੇਲੀਆ T-20 ਵਰਲਡ ਕੱਪ ਦੇ ਲਗਾਤਾਰ ਦੂਜੇ ਟੂਰਨਾਮੈਂਟ ਵਿੱਚ ਫਾਈਨਲ ਵਿੱਚ ਨਹੀਂ ਪਹੁੰਚੀ ਹੈ।