India Punjab

ਪੰਜਾਬ ’ਚ ਵਿੱਚ ਵੱਡੇ ਇਨਵੈਸਟਮੈਂਟ ਪ੍ਰਾਜੈਕਟਾਂ ਲਈ ਰਾਹ ਪੱਧਰਾ, ਹਜ਼ਾਰਾਂ ਕਰੋੜ ਦਾ ਹੋਵੇਗਾ ਨਿਵੇਸ਼

ਮੁੰਬਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੂਬੇ ‘ਇਨਵੈਸਟ ਪੰਜਾਬ’ ਦੇ ਤਹਿਤ ਮੁੰਬਈ ਵਿੱਚ ਸਨ ਜਿੱਥੇ ਉਨ੍ਹਾਂ ਵੱਡੇ ਸਨਅਤਕਾਰਾਂ ਨਾਲ ਬੈਠਕਾਂ ਕੀਤੀਆਂ। ਇਸ ਦੌਰਾਨ ਪੰਜਾਬ ਵਿੱਚ ਵੱਡੇ ਨਿਵੇਸ਼ ਪ੍ਰਾਜੈਕਟਾਂ ਲਈ ਰਾਹ ਪੱਧਰਾ ਹੋਇਆ ਹੈ। ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ, ਆਰਪੀਜੀ, ਸਿਫੀ ਟੈਕਨਾਲੋਜੀਜ਼ ਅਤੇ ਜੇਐਸਡਬਲਯੂ ਗਰੁੱਪ ਵਰਗੀਆਂ ਪ੍ਰਮੁੱਖ ਕੰਪਨੀਆਂ ਨੇ ਸੂਬੇ ਵਿੱਚ ਨਿਵੇਸ਼ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

ਇਨ੍ਹਾਂ ਉਦਯੋਗਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਿੱਚ ਨਿਵੇਸ਼ ਦੇ ਵਿਆਪਕ ਮੌਕਿਆਂ ਨੂੰ ਉਜਾਗਰ ਕੀਤਾ ਅਤੇ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉਭਰ ਰਹੇ ਸੂਬੇ ਵਿੱਚ ਨਿਵੇਸ਼ ਕਰਨ ਨਾਲ ਉੱਦਮੀਆਂ ਨੂੰ ਬਹੁਤ ਲਾਭ ਹੋਵੇਗਾ। ਪੰਜਾਬ ਵਿੱਚ ਸੰਪੂਰਨ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਹੈ, ਜੋ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਵਿੱਚ ਅਹਿਮ ਭੂਮਿਕਾ ਰੱਖਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਬਿਜਲੀ ਵਿਕਾਸ ਦੇ ਇੰਜਣ ਵਜੋਂ ਕੰਮ ਕਰਦੀ ਹੈ, ਪੰਜਾਬ ਸਰਕਾਰ ਵੱਲੋਂ ਰਿਹਾਇਸ਼ੀ, ਵਪਾਰਕ ਜਾਂ ਖੇਤੀਬਾੜੀ ਸਮੇਤ ਹਰ ਖੇਤਰ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਆਪਣੇ ਕਾਰੋਬਾਰ ਦੇ ਵਿਸਥਾਰ ਲਈ ਸੂਬੇ ਦੇ ਇਸ ਉਦਯੋਗ ਪੱਖੀ ਮਾਹੌਲ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ, ਜਿਸ ਵਿੱਚ ਬੁਨਿਆਦੀ ਢਾਂਚਾ, ਨਿਰਵਿਘਨ ਬਿਜਲੀ, ਹੁਨਰਮੰਦ ਮਨੁੱਖੀ ਵਸੀਲੇ ਅਤੇ ਬਿਹਤਰ ਉਦਯੋਗਿਕ ਅਤੇ ਕੰਮਕਾਜੀ ਮਾਹੌਲ ਸ਼ਾਮਲ ਹੈ।

ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਦੇ ਸੀ.ਈ.ਓ. ਦਾਮੋਦਰਨ ਸਤਗੋਪਨ ਨੇ ਸੂਬੇ ਦੇ ਉਦਯੋਗ ਪੱਖੀ ਮਾਹੌਲ ਅਤੇ ਬਿਹਤਰ ਪ੍ਰਸ਼ਾਸਨ ਦਾ ਹਵਾਲਾ ਦਿੰਦਿਆਂ ਪੰਜਾਬ ਵਿੱਚ ਮਹੱਤਵਪੂਰਨ ਨਿਵੇਸ਼ ਕਰਨ ਸਬੰਧੀ ਆਪਣੀ ਕੰਪਨੀ ਦੀ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਉਨ੍ਹਾਂ ਨੇ ਪੰਜਾਬ ਦੇ ਰਣਨੀਤਕ ਲਾਭਾਂ, ਹੁਨਰਮੰਦ ਮਨੁੱਖੀ ਵਸੀਲਿਆਂ, ਬੁਨਿਆਦੀ ਢਾਂਚਾ, ਨੌਕਰਸ਼ਾਹੀ ਦੇ ਪੇਸ਼ੇਵਰ ਵਿਹਾਰ ਨੂੰ ਉਜਾਗਰ ਕੀਤਾ, ਜੋ ਸੂਬੇ ਨੂੰ ਫਾਰਮਾਸਿਊਟੀਕਲ ਉਦਯੋਗਾਂ ਲਈ ਇੱਕ ਤਰਜੀਹੀ ਸਥਾਨ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਇੱਕ ਵੱਡੀ ਭਾਈਵਾਲੀ ਦੀ ਸ਼ੁਰੂਆਤ ਹੈ, ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਅਤੇ ਨਵੇਂ ਮੌਕੇ ਪੈਦਾ ਹੋਣਗੇ। ਕੰਪਨੀ ਨੇ ਸੂਬਾ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਸਦਕਾ ਆਪਣੇ ਮੌਜੂਦਾ ਟੌਂਸਾ ਪ੍ਰਾਜੈਕਟ ਦਾ ਵਿਸਥਾਰ ਕਰਨ ਵਿੱਚ ਦਿਲਚਸਪੀ ਪ੍ਰਗਟ ਕੀਤੀ।

ਇਸ ਤੋਂ ਪਹਿਲਾਂ, ਦਾਮੋਦਰਨ ਸਤਗੋਪਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਫਾਰਮਾ ਕੰਪਨੀ ਦਾ ਸਲਾਨਾ ਟਰਨਓਵਰ 48,496 ਕਰੋੜ ਰੁਪਏ ਹੈ ਅਤੇ ਮੌਜੂਦਾ ਸਮੇਂ ਟੌਂਸਾ, ਬਲਾਚੌਰ (ਐਸ.ਬੀ.ਐਸ. ਨਗਰ) ਅਤੇ ਮੁਹਾਲੀ (ਐਸ.ਏ.ਐਸ. ਨਗਰ) ਵਿੱਚ ਪ੍ਰਾਜੈਕਟ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸਨ ਫਾਰਮਾ ਬ੍ਰਾਂਡਡ ਉਤਪਾਦਾਂ ਲਈ ਇਨ-ਲਾਇਸੈਂਸਿੰਗ, ਐਮਐਂਡਏ ਅਤੇ ਆਊਟ ਲਾਇਸੈਂਸਿੰਗ ਗਤੀਵਿਧੀਆਂ ਰਾਹੀਂ ਕਾਰੋਬਾਰ ਦਾ ਵਿਸਥਾਰ ਕਰਨ ਦੀ ਇਛੁੱਕ ਹੈ। ਉਨ੍ਹਾਂ ਕਿਹਾ ਕਿ ਸਨ ਫਾਰਮਾ ਵਿਸ਼ਵ ਪ੍ਰਸਿੱਧ ਅਕਾਦਮੀਆਂ ਅਤੇ ਸੰਸਥਾਵਾਂ ਨਾਲ ਸਾਂਝੇ ਉੱਦਮ ਅਤੇ ਖੋਜ ਸਬੰਧੀ ਭਾਈਵਾਲੀ ਵੀ ਸਥਾਪਤ ਕਰਨਾ ਚਾਹੁੰਦੀ ਹੈ।

ਆਰ.ਪੀ.ਜੀ. ਗਰੁੱਪ ਦੇ ਵਾਈਸ ਚੇਅਰਮੈਨ ਅਨੰਤ ਗੋਇਨਕਾ ਨੇ ਆਪਣੇ ਗਰੁੱਪ ਵੱਲੋਂ ਸੂਬੇ ਵਿੱਚ ਨਿਵੇਸ਼ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਉਦਯੋਗਪਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਵਿੱਚ ਬਣਾਏ ਸਿੰਗਲ ਵਿੰਡੋ ਸਿਸਟਮ ਦੀ ਸ਼ਲਾਘਾ ਕੀਤੀ। ਪੰਜਾਬ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸੀਏਟ ਨੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਵਿਸਥਾਰ ਕਰਨ ਸਬੰਧੀ ਯੋਜਨਾਵਾਂ ਉਲੀਕੀਆਂ ਹਨ ਕਿਉਂਕਿ ਸੂਬਾ ਸੀਏਟ ਦੇ ਵਿਕਾਸ ਲਈ ਇੱਕ ਆਦਰਸ਼ ਸਥਾਨ ਹੈ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਪਹਿਲਾਂ ਹੀ ਦੱਖਣ ਅਤੇ ਪੱਛਮ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਗਿਆ ਹੈ ਅਤੇ ਹੁਣ ਪੰਜਾਬ ਦੀ ਵਾਰੀ ਹੈ।

ਸਿਫੀ ਟੈਕਨਾਲੋਜੀਜ਼ ਲਿਮਟਿਡ ਦੇ ਪ੍ਰਧਾਨ ਦਲੀਪ ਕੌਲ ਨੇ ਕਿਹਾ ਕਿ ਸਿਫੀ ਟੈਕਨਾਲੋਜੀਜ਼ ਨੇ ਪਹਿਲੇ ਪੜਾਅ ਵਿੱਚ ਮੁਹਾਲੀ ਵਿੱਚ ਇੱਕ ਸਮਰਪਿਤ/ਕੈਪਟਿਵ ਡੇਟਾ ਸੈਂਟਰ ਸਥਾਪਤ ਕਰਨ ਅਤੇ ਪੰਜਾਬ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਆਧਾਰਤ ਹੌਰੀਜ਼ੋਂਟਲ ਡੇਟਾ ਸੈਂਟਰ ਵਿੱਚ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ।

ਜੇ.ਐਸ.ਡਬਲਯੂ. ਗਰੁੱਪ ਨੇ ਸੂਬੇ ਵਿੱਚ ਜੇ.ਐਸ.ਡਬਲਯੂ ਸਟੀਲ ਕੋਟਿੰਗ ਉਤਪਾਦਾਂ ਸਮੇਤ 1600 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਜੇ.ਐਸ.ਡਬਲਯੂ ਸਟੀਲ ਕੋਟੇਡ ਪ੍ਰੋਡਕਟਸ ਲਿਮਟਿਡ ਦੇ ਕਾਰੋਬਾਰੀ ਮੁਖੀ ਅਮਰਜੀਤ ਸਿੰਘ ਦਹੀਆ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜੇ.ਐਸ.ਡਬਲਯੂ. ਸਟੀਲ ਕੋਟਿੰਗ ਪ੍ਰੋਡਕਟਸ ਲਿਮ. ਨੇ ਵਿਸਥਾਰ ਲਈ 1600 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ ਵਿੱਚ ਮੌਜੂਦਾ ਪਲਾਂਟ ਦੇ ਨਾਲ ਲੱਗਦੀ 28.17 ਏਕੜ ਜ਼ਮੀਨ ਖਰੀਦੀ ਹੈ।