Intoxicated young girl was found in a semi unconscious state

ਕ.ਸ ਬਨਵੈਤ/ ਗੁਰਪ੍ਰੀਤ ਸਿੰਘ

ਇਹ ਅਟੱਲ ਸੱਚ ਵਰਗੀ ਲੋਕ ਬਾਣੀ ਹੈ ਕਿ ਜੇ ਬਾਪ ਮਾੜਾ ਨਿਕਲੇ ਤਾਂ ਇੱਕ ਪਰਿਵਾਰ ਉੱਜੜਦੈ ਪਰ ਜੇ ਮਾਂ ਬੁਰੀ ਹੋਵੇ ਤਾਂ ਪੀੜ੍ਹੀਆਂ ਬਰਬਾਦ ਹੋ ਜਾਂਦੀਆਂ ਹਨ। ਵੈਸੇ ਤਾਂ ਇਹ ਸੱਚ ਨੂੰ ਝੁਠਲਾਉਂਦੀ ਇੱਕ ਹੋਰ ਅਖੌਤ ਵੀ ਹੈ ਕਿ ਪੁੱਤ ਭਾਵੇਂ ਕਪੁੱਤ ਨਿਕਲ ਜਾਵੇ ਪਰ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ। ਤੇਜੀ ਨਾਲ ਬਦਲ ਰਹੇ ਜ਼ਮਾਨੇ ਵਿੱਚ ਦੋਵੇਂ ਕਹਾਵਤਾਂ ਸੱਚ ਤੋਂ ਦੂਰ ਹੁੰਦੀਆਂ ਲੱਗਦੀਆਂ ਹਨ। ਹਾਲੇ ਪਿਛਲੇ ਹਫਤੇ ਅੰਮ੍ਰਿਤਸਰ ਦੇ ਪਿੰਡ ਮਕਬੂਲਪੁਰਾ ਦੀ ਇੱਕ ਨਸ਼ੇ ‘ਚ ਝੂਲਦੀ ਨੌਜਵਾਨ ਮੁਟਿਆਰ ਦੀ ਤਸਵੀਰ ਅੱਖਾਂ ਤੋਂ ਲਾਂਭੇ ਨਹੀਂ ਹੋਈ ਹੈ ਕਿ ਮਾਝੇ ਦੇ ਜਿਲ੍ਹਾ ਤਰਨ ਤਾਰਨ ਵਿੱਚ ਉਸੇ ਤਰ੍ਹਾਂ ਦਾ ਸਮਾਜ ਨੂੰ ਹਲੂਣ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਨੇੜੇਓਂ ਇੱਕ ਨੌਜਵਾਨ ਕੁੜੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਦੋ ਲੜਕੇ ਆਪਣੀ ਸਾਥਣ ਕੁੜੀ ਨੂੰ ਧਰਤੀ ‘ਤੇ ਡਿੱਗੀ ਪਈ ਨੂੰ ਛੱਡ ਕੇ ਭੱਜ ਗਏ। ਬਾਅਦ ਵਿੱਚ ਪਿੰਡ ਵਾਸੀਆਂ ਨੇ ਕੁੜੀ ਨੂੰ ਇਲਾਜ ਲਈ  ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ।

ਇੱਕ ਵੱਖਰੀ ਜਾਣਕਾਰੀ ਤੋਂ ਪਤਾ ਲਗਾ ਹੈ ਕਿ ਪੰਜਾਬ ਪੁਲਿਸ ਵੱਲੋਂ ਪਿੰਡ ਮਕਬੂਲਪੁਰਾ ਵਿੱਚ ਨਸ਼ਿਆਂ ਨੂੰ ਲੈ ਕੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਏਡੀਜੀਪੀ ਨਰੇਸ਼ ਅਰੋੜਾ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਰਾਏ ਆਪ ਸਾਰਾ ਸਮਾਂ ਪਿੰਡ ਵਿੱਚ ਦੋ ਪੈਰਾਂ ਪਰਨੇ ਖੜ੍ਹੇ ਰਹੇ। ਪੰਜਾਬ ਪੁਲਿਸ ਵੱਲੋਂ ਅੱਜ ਸੂਬੇ ਭਰ ਦੇ ਉਨ੍ਹਾਂ ਪਿੰਡਾਂ ਜਾਂ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਗਈ ਜਿਹੜੇ ਨਸ਼ੇ ਦੇ ਵਪਾਰ ਲਈ ਜਾਣੇ ਜਾਂਦੇ ਹਨ। ਪਿੰਡ ਮਕਬੂਲਪੁਰਾ ਦੀ ਲੜਕੀ ਦੀ ਪਿਛਲੇ ਹਫਤੇ ਨਸ਼ੇ ਵਿੱਚ ਝੂਲਦੀ ਦੀ ਵੀਡੀਓ ਸਾਹਮਣੇ ਆਈ ਸੀ।

ਪੈਰਾਂ ’ਤੇ ਨਹੀਂ ਖੜ੍ਹਿਆ ਜਾ ਰਿਹਾ ਸਿੱਧਾ, ਨਸ਼ੇ ‘ਚ ਚੂਰ ਔਰਤ ਦੀ ਵੀਡੀਓ ਹੋਈ ਵਾਇਰਲ..

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਾਰਡ ਨੰਬਰ ਨੌ ਵਿੱਚ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਕੋਲ ਦੋ ਬਾਈਕ ਸਵਾਰ ਮੁੰਡੇ ਇੱਕ ਲੜਕੀ ਨਾਲ ਆ ਕੇ ਰੁਕੇ। ਉਹ ਬਾਈਕ ‘ਤੇ ਵਿਚਕਾਰ ਬੈਠੀ ਲੜਕੀ ਨੂੰ ਸਕੂਲ ਦੀ ਕੰਧ ਦੇ ਸਹਾਰੇ ਬਿਠਾ ਕੇ ਤੁਰਦੇ ਬਣੇ। ਲੜਕੀ ਨਸ਼ੇ ਵਿੱਚ ਧੁਤ ਸੀ। ਉਸਨੂੰ ਕੋਈ ਸੁਰਤ ਨਹੀਂ ਸੀ। ਦੇਖਦਿਆਂ ਹੀ ਦੇਖਦਿਆਂ ਉਹ ਗੋਡਿਆਂ ਪਰਨੇ ਡਿੱਗ ਪਈ। ਪਿੰਡ ਵਾਲਿਆਂ ਨੇ ਕੁੜੀ ਦਾ ਥਹੁ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਹੋਸ਼ ਨਹੀਂ ਸੀ। ਉਨ੍ਹਾਂ ਨੇ ਜਦੋਂ ਕੁੜੀ ਦੀ ਬਾਂਹ ਉੱਤੇ ਇੰਜੈਕਸ਼ਨ ਦੇ ਨਿਸ਼ਾਨ ਦੇਖੇ ਤਾਂ 108 ਨੰਬਰ ਅੰਬੂਲੈਂਸ ਬੁਲਾ ਕੇ ਸੁਰ ਸਿੰਘਵਾਲਾ ਦੀ ਸੀਐਚਸੀ ਵਿੱਚ ਦਾਖਲ ਕਰਵਾਇਆ। ਸੀਐਚਸੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਲੜਕੀ ਦਾ ਇਲਾਜ ਚੱਲ ਰਿਹਾ ਹੈ । ਪੁਲਿਸ ਨੇ ਆਪਣੇ ਤੌਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੇ ਔਰਤ ਹੀ ਰਾਹ ਤੋਂ ਭੜਕ ਗਈ ਤਾਂ ਸਮਝੇ ਸਮਾਜ ਅੱਜ ਵੀ ਗਰਕਿਆ ਤੇ ਕੱਲ੍ਹ ਵੀ ਗਰਕਿਆ। ਪੰਜਾਬ ਜਿਸ ਨੂੰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਕਹਿ ਕੇ ਵਡਿਆਉਂਦੇ ਆ ਰਹੇ ਹਾਂ ਦੀਆਂ ਔਰਤਾਂ ਹੁਣ ਸ਼ਰਾਬ ਪੀਣ ਨੂੰ ਸਟੇਟਸ ਸਮਝਣ ਲੱਗੀਆਂ ਹਨ। ਦਾਰੂ ਦਾ ਫੈਸ਼ਨ ਬਾਅਦ ਕਿਸੇ ਸਮੇਂ ਨਸ਼ਿਆਂ ਦਾ ਲਤ ਬਣਨ ਲੱਗਦਾ ਹੈ। ਜਿਹਦੇ ਮੂਹਰੇ ਹਾਲ ਦੀ ਘੜੀ ਸਮਾਜ ਬੇਵਸ ਹੋ ਕੇ ਰਹਿ ਗਿਆ ਹੈ।

ਨਿਰਸੰਦੇਹ ਔਰਤ ਦੁੱਖ ਪਿੱਛੇ ਵੱਡੇ ਦਰਦ ਲੁਕੇ ਹੋਣਗੇ ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਰਸਤੇ ਤੋਂ ਭਟਕ ਜਾਈਏ। ਉਸ ਰਾਹ ਤੁਰ ਪਈਏ ਜਿੱਥੇ ਕੰਡੇ ਹੀ ਕੰਡੇ ਖਿੱਲਰੇ ਪਏ ਹੋਣ। ਜਿਸ ਮੋੜ ‘ਤੇ ਆ ਕੇ ਔਰਤ ਰਸਤਾ ਭੁੱਲਣ ਲੱਗੀ ਹੈ ਉਸ ਨੂੰ ਲੰਮੀ ਸੀਟੀ ਮਾਰ ਕੇ ਰਾਹੇ ਪਾਉਣ ਦੀ ਲੋੜ ਹੈ। ਇਹ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ ਅਤੇ ਸਮਾਜ ਦੇ ਮੋਢਿਆ ‘ਤੇ ਵੀ ਆਈ ਪਈ ਹੈ।