ਪੰਜਾਬ ਗੀਤਕਾਰ ਸਿੱਧੂ ਮੂਸੇ ਵਾਲੇ (Sidhu Moose Wala) ਦੇ ਕਤਲ ਮਾਮਲੇ ਸਣੇ ਕਈ ਹੋਰ ਮਾਮਲਿਆਂ ਵਿੱਚ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦੀ ਇੰਟਰਵਿਊ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਲਾਰੈਂਸ ਦੀ ਹੋਈ ਇੰਟਰਵਿਊ ਮਾਮਲੇ ਵਿੱਚ ਪੁਲਿਸ ਦੀ ਮਿਲੀਭੁਗਤ ਦੇ ਵੀ ਖੁਲਾਸੇ ਹੋਏ ਹਨ। ਇਹ ਸਾਹਮਣੇ ਆਇਆ ਹੈ ਕਿ ਲਾਰੈਂਸ ਦੀ ਇੰਟਰਵਿਊ ਕਰਵਾਉਣ ਸਮੇਂ ਪੁਲਿਸ ਅਧਿਕਾਰੀਆਂ ਨੇ ਰਿਸ਼ਵਤ ਲਈ ਸੀ ਅਤੇ ਲਾਰੈਂਸ ਨੂੰ ਵੀ.ਆਈ.ਪੀ ਟਰੀਟਮੈਂਟ ਵੀ ਦਿੱਤਾ ਗਿਆ ਸੀ।
ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੋ SIT ਦੀ ਜਾਂਚ ਕੀਤੀ ਗਈ ਹੈ। ਉਸ ਵਿੱਚ ਸਾਹਮਣੇ ਆਇਆ ਹੈ ਕਿ ਸੀ.ਆਈ.ਏ ਖਰੜ ਦੇ ਸਾਬਕਾ ਸਟੇਸ਼ਨ ਇੰਚਾਰਜ ਨੇ ਇੰਟਰਵਿਊ ਕਰਵਾਉਣ ਲਈ ਰਿਸ਼ਵਤ ਲਈ ਸੀ। ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿਚ ਐਸ.ਆਈ.ਟੀ ਪੁੱਛਗਿੱਛ ਵੀ ਕਰ ਸਕਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਈ ਮਾਮਲਿਆਂ ਵਿੱਚ ਲਾਰੈਂਸ ਨੂੰ ਦਿੱਲੀ ਵਿੱਚ ਪੇਸ਼ੀ ਦੌਰਾਨ ਗੁਪਤ ਤੌਰ ‘ਤੇ ਸ਼ਰਾਬ ਮੁਹੱਇਆ ਕਰਵਾਈ ਗਈ ਸੀ। ਇਸ ਦੇ ਨਾਲ ਹੋਰ ਵੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ ਕਿ ਲਾਰੈਂਸ ਨੂੰ ਰਾਤ ਕਰੀਬ ਡੇਢ ਵਜੇ ਚੰਡੀਗੜ੍ਹ ਦੇ ਇੱਕ ਮਸ਼ਹੂਰ ਮਾਲ ਤੋਂ ਬ੍ਰਾਂਡੇਡ ਕੱਪੜਿਆਂ ਦੀ ਖਰੀਦਦਾਰੀ ਕਰਨ ਲਈ ਵੀ ਭੇਜਿਆ ਗਿਆ। ਉਸ ਵੱਲੋਂ ਪੁਲਿਸ ਵਾਲਿਆਂ ਨੂੰ ਵੀ ਮਹਿੰਗੇ ਕੱਪੜੇ, ਬ੍ਰਾਂਡੇਡ ਜੁੱਤੀਆਂ ਅਤੇ ਪਰਫਿਊਮ ਵੀ ਖਰੀਦ ਕੇ ਦਿੱਤੇ ਗਏ। ਸੀਨੀਅਰ ਪੁਲਿਸ ਅਧਿਕਾਰੀ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇੰਟਰਵਿਊ ਮਾਮਲੇ ਵਿੱਚ ਵਿਸ਼ੇਸ਼ ਜਾਂਚ ਏਜੰਸੀ (ਸੀ.ਆਈ.ਏ.) ਨੇ ਖਰੜ ਦੇ ਸਾਬਕਾ ਥਾਣਾ ਇੰਚਾਰਜ ਸਣੇ ਪੰਜ ਪੁਲਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚ ਡੀਐਸਪੀ ਅਤੇ ਐਸਪੀ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ। ਹਾਈ ਕੋਰਟ ਵਿੱਚ ਰਿਪੋਰਟ ਪੇਸ਼ ਕਰਨ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਮੁਹਾਲੀ ਦੇ ਸਾਈਬਰ ਕ੍ਰਾਈਮ ਡਵੀਜ਼ਨ ਵਿੱਚ ਕੇਸ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਲਾਰੈਂਸ ਦੀ ਹੋਈ ਇੰਟਰਵਿਊ ਮਾਮਲੇ ਵਿਚ ਸਪੈਸ਼ਲ ਡੀ.ਜੀ.ਪੀ ਹਿਊਮਨ ਰਾਈਟਸ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ SIT ਬਣਾਈ ਗਈ ਸੀ, ਜਿਸ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਖੁਲਾਸਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਸੀਆਈਏ ਦੇ ਖਰੜ ਥਾਣੇ ਵਿੱਚ ਹੋਈ ਸੀ, ਜਦੋਂ ਕਿ ਦੂਜੀ ਇੰਟਰਵਿਊ ਰਾਜਸਥਾਨ ਦੀ ਇੱਕ ਜੇਲ੍ਹ ਵਿੱਚ ਹੋਈ ਸੀ। ਸਤੰਬਰ 2022 ਵਿੱਚ ਰਿਕਾਰਡ ਕੀਤੀ ਗਈ ਇਹ ਇੰਟਰਵਿਊ ਸੱਤ ਮਹੀਨੇ ਬਾਅਦ ਮਾਰਚ 2023 ਵਿੱਚ ਪ੍ਰਸਾਰਿਤ ਕੀਤੀ ਗਈ ਸੀ। ਐਸਆਈਟੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਇੱਕ ਕੇਸ ਦੀ ਜਾਂਚ ਲਈ ਸੀਆਈਏ ਖਰੜ ਵਿੱਚ ਸੀ ਤਾਂ ਉਸ ਨੂੰ ਇੱਕ ਮੋਬਾਈਲ ਫੋਨ ਵੀ ਮੁਹੱਈਆ ਕਰਵਾਇਆ ਗਿਆ ਸੀ। ਸੀਆਈਏ ਖਰੜ ਦੀ ਸੁਰੱਖਿਆ ਦਰਮਿਆਨ ਗੈਂਗਸਟਰ ਲਾਰੈਂਸ ਨੇ ਗੁਜਰਾਤ ਅਤੇ ਤਿਹਾੜ ਜੇਲ੍ਹ ਵਿੱਚ ਬੰਦ ਆਪਣੇ ਗਰੁੱਪ ਦੇ ਕਈ ਲੋਕਾਂ ਨਾਲ ਗੱਲਬਾਤ ਕੀਤੀ ਸੀ।
ਐਸ.ਆਈ.ਟੀ ਵੱਲੋਂ ਖਰੜ ਥਾਣੇ ਵਿੱਚ ਹੋਈ ਇੰਟਰਵਿਊ ਮਾਮਲੇ ਵਿਚ ਮੁਲਜ਼ਮ ਅਧਿਕਾਰੀਆਂ ਕੋਲੋ ਪੁੱਛਗਿੱਛ ਕੀਤੀ ਜਾਵੇਗੀ। ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਲਾਰੈਂਸ ਥਾਣਾ ਖਰੜ ਵਿੱਚ ਆਇਆ ਸੀ ਤਾਂ ਉਸ ਦੀ ਗੈਂਗ ਦੀ ਦੋ ਤੋਂ ਤਿੰਨ ਮੈਂਬਰ ਉਸ ਨੂੰ ਮਿਲਣ ਲਈ ਆਈ ਸਨ। ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – AGTF ਪੰਜਾਬ ਨੂੰ ਮਿਲੀ ਵੱਡੀ ਸਫਲਤਾ, ਰਾਜਪੁਰਾ ਕਤਲ ਕਾਂਡ ‘ਚ ਗੈਂਗਸਟਰ ਸੁਨੀਲ ਭੰਡਾਰੀ ਸਮੇਤ 5 ਗ੍ਰਿਫਤਾਰ