ਚੰਡੀਗੜ੍ਹ : ਪੰਜਾਬ ਦੇ ਦੋ ਜ਼ਿਲ੍ਹਿਆਂ ਤਰਨਤਾਰਨ ਤੇ ਫਿਰੋਜ਼ਪੁਰ ਵਿੱਚ ਇੰਟਰਨੈਟ ਤੇ SMS ਸੇਵਾਵਾਂ ਚਾਲੂ ਹੋ ਗਈਆਂ ਹਨ। ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਵਿੱਚ ਇਹ ਸੇਵਾਵਾਂ ਬਹਾਲ ਹੋ ਗਈਆਂ ਹਨ। ਇਸ ਤੋਂ ਪਹਿਲਾਂ ਕੱਲ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਤਾਂ ਇੰਟਰਨੈਟ ਚਾਲੂ ਹੋ ਗਿਆ ਸੀ ਪਰ ਸੂਬੇ ਦੇ ਦੋ ਜ਼ਿਲ੍ਹਿਆਂ ਤਰਨਤਾਰਨ ਤੇ ਫਿਰੋਜ਼ਪੁਰ ਵਿੱਚ ਅੱਜ ਤੱਕ ਪਾਬੰਦੀ ਵਧਾ ਦਿੱਤੀ ਗਈ ਸੀ।ਜਿਸ ਮਗਰੋਂ ਅੱਜ ਇਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਕੱਲ ਅਜਨਾਲਾ,ਮੋਗਾ ਤੇ ਸੰਗਰੂਰ ‘ਚ ਇਹ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸਨ। ਮੁਹਾਲੀ ਜਿਲ੍ਹੇ ਦੇ ਵਾਈਪੀਐਸ ਚੌਂਕ ‘ਚ ਵੀ ਮੁੜ ਸੇਵਾਵਾਂ ਕੱਲ ਹੀ ਸ਼ੁਰੂ ਹੋ ਗਈਆਂ ਸਨ।ਇਹ ਸਾਰੀਆਂ ਪਾਬੰਦੀਆਂ ਸੂਬੇ ਵਿੱਚ ਲੰਘੀ 18 ਮਾਰਚ ਤੋਂ ਲਾਈਆਂ ਗਈਆਂ ਸਨ,ਜਿਸ ਤੋਂ ਬਾਅਦ ਇਹਨਾਂ ਵਿੱਚ ਬਾਰ-ਬਾਰ ਵਾਧਾ ਕੀਤਾ ਗਿਆ।ਪਹਿਲਾਂ ਸਾਰੇ ਪੰਜਾਬ ਵਿੱਚ ਇਹ ਸੇਵਾਵਾਂ ਬੰਦ ਕੀਤੀਆਂ ਗਈਆਂ ਸੀ ਪਰ ਫਿਰ ਸਰਕਾਰ ਨੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਇਸ ਨੂੰ ਸੀਮਤ ਕਰ ਦਿੱਤਾ ਸੀ।
ਦੱਸ ਦੇਈਏ ਕਿ ਇੰਟਰਨੈੱਟ ਬੰਦ ਹੋਣ ਖਿਲਾਫ ਪਟੀਸ਼ਨ ਹਾਈਕੋਰਟ ਵਿਚ ਵੀ ਦਾਖਲ ਕੀਤੀ ਗਈ ਸੀ। ਮੋਬਾਈਲ ਇੰਟਰਨੈੱਟ ਤੋਂ ਇਲਾਵਾ ਡੌਂਗਲ ਤੇ ਐੱਸਐੱਮਐੱਸ ਸਰਵਿਸ ਵੀ ਪਿਛਲੇ ਕੁੱਝ ਦਿਨਾਂ ਤੋਂ ਬੰਦ ਸੀ, ਬਸ ਵਾਈਫਾਈ ਕਨੈਕਸ਼ਨ ਚੱਲ ਰਿਹਾ ਹੈ।
ਇੰਡੀਅਨ ਟੈਲੀਗ੍ਰਾਫ ਐਕਟ ਦੀ ਧਾਰਾ 5 ਅਤੇ ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕਾਮ ਸਰਵਿਸਿਜ਼ ਰੂਲਸ 2017 ਤਹਿਤ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ। ਪੰਜਾਬ ਵਿਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਨਾਲ ਲੋਕਾਂ ਦੇ ਵਪਾਰ, ਬਿੱਲ ਪੇਮੈਂਟ ਸਣੇ ਟੈਕਸੀ ਪੇਮੈਂਟ ਆਦਿ ਕਈ ਤਰ੍ਹਾਂ ਦੀਆਂ ਆਨਲਾਈਨ ਸੇਵਾਵਾਂ ਬੰਦ ਸਨ।