ਬਿਉਰੋ ਰਿਪੋਰਟ : ਕਿਸਾਨਾਂ ਦੇ ਦਿੱਲੀ ਚੱਲੋ ਮੋਰਚੇ ਦੀ ਅਗਲੀ ਰਣਨਤੀ ਦੀ ਇੱਕ ਰਾਤ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ । ਇੱਕ ਵਾਰ ਮੁੜ ਤੋਂ ਪੰਜਾਬ ਦੇ 2 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਅਤੇ ਮੋਬਾਈਲ ਸੇਵਾ ਬੰਦ ਕਰ ਦਿੱਤੀ ਗਈ ਹੈ। ਪਟਿਆਲਾ ਜ਼ਿਲ੍ਹੇ ਅਧੀਨ ਆਉਣ ਵਾਲੇ ਸ਼ੰਭੂ,ਪਾਤੜਾ,ਸ਼ਤਰਾਨਾ ਵਿੱਚ ਇੰਟਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਅਧੀਨ ਆਉਣ ਵਾਲੇ ਖਨੌਰੀ ਦੇ ਇਲਾਕੇ ਵਿੱਚ ਵੀ ਮੋਬਾਈਲ ਅਤੇ ਇੰਟਨੈੱਟ ਕੁਨੈਕਸ਼ਨ 28 ਫਰਵਰੀ ਰਾਤ ਤੋਂ 1 ਮਾਰਚ ਰਾਤ 11:59 ਤੱਕ ਬੰਦ ਕਰ ਦਿੱਤੇ ਗਏ ਹਨ । 2 ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਇੰਨਾਂ ਇਲਾਕਿਆਂ ਵਿੱਚ 11 ਫਰਵਰੀ ਤੋਂ ਬਾਅਦ ਇੰਟਰਨੈੱਟ ਅਤੇ ਫੋਨ ਸੇਵਾ ਸ਼ੁਰੂ ਕੀਤੀ ਸੀ ।
ਇਸ ਤੋਂ ਇਲਾਵਾ ਅੰਬਾਲਾ ਵਿੱਚ ਇੰਟਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ । ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਸੀ । ਅੱਜ SKM ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਹੋਈ ਜਿਸ ਦਾ ਐਲਾਨ ਵੀਰਵਾਰ 29 ਫਰਵਰੀ ਨੂੰ ਕੀਤਾ ਜਾਵੇਗਾ । ਪਰ ਇਸ ਦੌਰਾਨ ਇੱਕ ਹੋਰ ਅਹਿਮ ਖ਼ਬਰ ਵੀ ਆ ਰਹੀ ਹੈ ਕਿ ਕਿਸਾਨਾਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਸਿੰਘੂ ਅਕੇ ਟੀਕਰੀ ਮੋਰਚੇ ਵਾਂਗ ਬਣਾ ਸਕਦੇ ਹਨ । ਦੋਵਾਂ ਮੋਰਚਿਆਂ ‘ਤੇ ਪੱਕੇ ਟੈਂਟ ਲਗਾਏ ਜਾ ਰਹੇ ਹਨ। 13 ਫਰਵਰੀ ਨੂੰ ਸ਼ੰਭੂ ਬਾਰਡਰ ‘ਤੇ 600 ਟਰੈਕਟਰ ਆਏ ਸਨ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ 1000 ਟਰੈਕਟਰ ਖੜੇ ਹਨ। ਉਧਰ ਹਰਿਆਣਾ ਪੁਲਿਸ ਦੀਆਂ ਗੋਲੀਆਂ ਤੋਂ ਬਚਣ ਦੇ ਲਈ ਕਿਸਾਨਾਂ ਨੇ ਹੁਣ ਨਵੀਂ ਰਣਨੀਤੀ ਬਣਾਈ ਹੈ ।
ਨੌਜਵਾਨਾਂ ਦੇ ਵੀਜ਼ਾ ਅਤੇ ਪਾਸਪੋਰਟ ਰੱਦ ਦੀ ਤਿਆਰੀ
ਹਰਿਆਣਾ ਪੁਲਿਸ ਨੇ ਅੰਦੋਲਨ ਨਾਲ ਜੁੜੇ ਨੌਜਵਾਨ ਕਿਸਾਨਾਂ ਦੇ ਪਾਸਪੋਰਟ ਅਤੇ ਵੀਜ਼ਾ ਰੱਦ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਿਸ ਨੇ ਕੈਮਰੇ ਅਤੇ ਡ੍ਰੋਨ ਦੇ ਜ਼ਰੀਏ ਕਿਸਾਨਾਂ ਦੀ ਪਛਾਣ ਕੀਤੀ ਹੈ। ਜਿਸ ਨੂੰ ਭਾਰਤੀ ਸਫਾਰਤਖਾਨੇ ਵਿੱਚ ਭੇਜਿਆ ਜਾਵੇਗਾ । ਇਸ ਦੇ ਬਾਅਦ ਪਾਸਪੋਰਟ ਅਤੇ ਵੀਜ਼ਾ ਰੱਦ ਕਰਨ ਦੇ ਨਾਲ ਇੰਨਾਂ ਦੀ ਪਛਾਣ ਵੀ ਕਰਵਾਈ ਕੀਤੀ ਜਾ ਰਹੀ ਹੈ । ਜਾਣਕਾਰੀ ਦੇ ਮੁਤਾਬਿਕ ਅੰਬਾਲਾ ਪੁਲਿਸ ਕਿਸਾਨਾਂ ਦੀਆਂ ਫੋਟੋਆਂ ਪਾਸਪੋਰਟ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਰਹੀ ਹੈ। ਅੰਬਾਲਾ ਦੇ DSP ਜੋਗਿੰਦਰ ਸ਼ਰਮਾ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ । ਹਰਿਆਣਾ ਪੁਲਿਸ ਦੇ ਇਸ ਫੈਸਲੇ ਤੋਂ ਬਾਅਦ ਅੰਦੋਲਨ ਵਿੱਚ ਸ਼ਾਮਲ ਨੌਜਵਾਨਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ ।
ਇਸ ਵਾਰ ਗਊਆਂ ਨੂੰ ਅੱਗੇ ਕੀਤਾ ਜਾਵੇਗਾ
ਦੈਨਿਕ ਭਾਸਕਰ ਦੇ ਨਾਲ ਗੱਲ ਕਰਦੇ ਹੋਏ ਬਠਿੰਡਾ ਦੇ ਕਿਸਾਨ ਹਰਵਿੰਦਰ ਸਿੰਘ ਨੇ ਕਿਹਾ ਹੈ ਕਿ ਜ਼ਰੂਰਤ ਪਈ ਤਾਂ 29 ਨੂੰ ਅਸੀਂ ਪਿੰਡਾਂ ਤੋਂ ਆਪਣੀ ਗਊਆਂ ਅਤੇ ਹੋਰ ਪਸ਼ੂ ਬਾਰਡਰ ‘ਤੇ ਲੈਕੇ ਆਵਾਂਗੇ। ਇਸ ਦੇ ਬਾਅਦ ਗਊ ਰੱਖਿਆ ਦਾ ਦਮ ਭਰਨ ਵਾਲੀ ਹਰਿਆਣਾ ਦੀ BJP ਸਰਕਾਰ ਵੇਖ ਦੇ ਹਾਂ ਕਿਵੇਂ ਪਸ਼ੂਆਂ ‘ਤੇ ਗੋਲੀਆਂ ਚਲਾਏਗੀ । ਜੇਕਰ ਹਰਿਆਣਾ ਪੁਲਿਸ ਨੇ ਗਊਆਂ ‘ਤੇ ਗੋਲੀ ਚਲਾਈਆਂ ਤਾਂ ਮਨੋਹਰ ਲਾਲ ਸਰਕਾਰ ਦੀ ਗਊਆਂ ਦੀ ਰਾਖੀ ਕਰਨ ਦੀ ਸਿਆਸਤ ਬੇਨਕਾਬ ਹੋ ਜਾਵੇਗੀ । ਹਾਲਾਂਕਿ ਕਿਸਾਨ ਆਗੂ ਅਜਿਹਾ ਕਰਨ ਦੇਣਗੇ ਇਸ ਦੀ ਉਮੀਦ ਘੱਟ ਹੀ ਹੈ । ਇਸ ਤੋਂ ਪਹਿਲਾਂ ਵੀ 21 ਫਰਵਰੀ ਨੂੰ ਦਿੱਲੀ ਕੂਚ ਮੋਰਚੇ ਦਾ ਦੂਜੀ ਵਾਰ ਐਲਾਨ ਕੀਤਾ ਗਿਆ ਸੀ ਤਾਂ ਹੈਵੀ ਮਸ਼ੀਨਾਂ ਆ ਗਈਆਂ ਸਨ ਪਰ ਕਿਸਾਨ ਆਗੂਆਂ ਨੇ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਸੀ।