India Punjab

ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਹਟਾਈ ਗਈ ਇੰਟਰਨੈੱਟ ‘ਤੇ ਰੋਕ, ਸੇਵਾ ਬਹਾਲ…

Internet ban lifted in 7 districts of Haryana, service restored...

ਅੱਜ ਕਿਸਾਨ ਅੰਦੋਲਨ ਦਾ 13ਵਾਂ ਦਿਨ ਹੈ। ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਖੜ੍ਹੇ ਹਨ। ਉਨ੍ਹਾਂ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਵਾਪਸ ਨਹੀਂ ਜਾਣਗੇ।

ਇਸੇ ਦੌਰਾਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ 10 ਫਰਵਰੀ ਨੂੰ ਸੂਬੇ ਦੇ ਕਈ ਇਲਾਕਿਆਂ ਵਿਚ ਕਿਸਾਨ ਅੰਦੋਲਨ ਕਾਰਨ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ ਅਤੇ ਹੁਣ ਕਈ ਇਲਾਕਿਆਂ ਵਿਚ ਇਸ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇੰਟਰਨੈੱਟ ਸੇਵਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।

ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦਰਮਿਆਨ ਸਰਕਾਰ ਵੱਲੋਂ ਇੱਕ ਹੋਰ ਕਾਰਵਾਈ ਕੀਤੀ ਗਈ ਹੈ। ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਦਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਅਕਤੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 7 ਪੋਸਟਾਂ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ।

ਉਥੇ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਸ਼ੰਭੂ ਅਤੇ ਖਨੌਰੀ ਵਿੱਚ ਲੱਗੇ ਮੋਰਚੇ ਦਾ 13ਵਾਂ ਦਿਨ ਹੈ। ਅੱਜ ਅਸੀਂ ਦੋਵਾਂ ਸਰਹੱਦਾਂ ‘ਤੇ ਕਾਨਫਰੰਸ ਕਰਾਂਗੇ ਕਿਉਂਕਿ WTO ‘ਤੇ ਚਰਚਾ ਹੋਵੇਗੀ। ਇਸ ਬਾਰੇ ਬੁੱਧੀਜੀਵੀਆਂ ਤੇ ਆਮ ਕਿਸਾਨਾਂ ਨਾਲ ਆਪਣੀ ਸਟੇਜ ਤੋਂ ਚਰਚਾ ਹੋਵੇਗੀ। ਅਸੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਖੇਤੀਬਾੜੀ ਸੈਕਟਰ ਨੂੰ ਡਬਲਯੂ.ਟੀ.ਓ. ਤੋਂ ਬਾਹਰ ਕੱਢੇ। ਇਸ ਬਾਰੇ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ 26 ਨੂੰ ਬਾਅਦ ਦੁਪਹਿਰ ਦੋਵੇਂ ਸਰਹੱਦਾਂ ‘ਤੇ 20 ਫੁੱਟ ਤੋਂ ਵੀ ਵੱਡੇ ਪੁਤਲੇ ਫੂਕੇ ਜਾਣਗੇ। 27 ਫਰਵਰੀ ਨੂੰ ਕਿਸਾਨ ਮਜ਼ਦੂਰ ਮੋਰਚਾ, SKM (ਗੈਰ-ਸਿਆਸੀ) ਦੇਸ਼ ਭਰ ਦੇ ਆਪਣੇ ਸਾਰੇ ਆਗੂਆਂ ਦੀ ਮੀਟਿੰਗ ਕਰੇਗਾ। 28 ਫਰਵਰੀ ਨੂੰ ਦੋਵੇਂ ਮੰਚ ਬੈਠ ਕੇ ਚਰਚਾ ਕਰਨਗੇ। ਅਗਲਾ ਕਦਮ 29 ਫਰਵਰੀ ਨੂੰ ਤੈਅ ਕੀਤਾ ਜਾਵੇਗਾ। ਅਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕਰ ਰਹੇ ਹਾਂ ਕਿ ਕਿਸਾਨਾਂ ਨਾਲ ਜੋ ਵੀ ਹੋ ਰਿਹਾ ਹੈ, ਉਸ ‘ਤੇ ਬੋਲਣ।”

ਦੱਸ ਦੇਈਏ ਕਿ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਦਿੱਲੀ ਦੇ ਟੀਕਰੀ ਬਾਰਡਰ ਅਤੇ ਸਿੰਘੂ ਬਾਰਡਰ, ਜੋ ਕਿ 11 ਦਿਨਾਂ ਤੋਂ ਬੰਦ ਸਨ, ਨੂੰ ਅਸਥਾਈ ਤੌਰ ‘ਤੇ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਟੀਕਰੀ ਬਾਰਡਰ ‘ਤੇ ਲਗਾਏ ਗਏ ਕੰਟੇਨਰ ਅਤੇ ਪੱਥਰ ਹਟਾਏ ਗਏ। ਹਾਲਾਂਕਿ ਸ਼ੁਰੂਆਤ ‘ਚ ਇਕ ਪਾਸੇ ਵਾਲੀ ਸੜਕ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਝੜੌਦਾ ਸਰਹੱਦ ‘ਤੇ ਵੀ ਸਾਈਡ ਆਵਾਜਾਈ ਸ਼ੁਰੂ ਹੋ ਗਈ ਹੈ।