Punjab

ਕੱਲ੍ਹ 12 ਵਜੇ ਤੱਕ ਪੰਜਾਬ ‘ਚ ਫੇਰ ਨਹੀਂ ਚੱਲੇਗਾ ਕਿਸੇ ਦਾ ਫੋਨ

ਮੁਹਾਲੀ : ਪੰਜਾਬ ਵਿੱਚ ਇੰਟਰਨੈੱਟ ਉੱਤੇ ਲੱਗੀ ਪਾਬੰਦੀ ਨੂੰ ਕੱਲ੍ਹ 12 ਵਜੇ ਤੱਕ ਵਧਾ ਦਿੱਤਾ ਗਿਆ ਹੈ, ਯਾਨਿ ਹੁਣ ਕੱਲ੍ਹ 12 ਵਜੇ ਤੱਕ ਕਿਸੇ ਦੇ ਵੀ ਫੋਨ ਉੱਤੇ ਨੈੱਟ ਨਹੀਂ ਚੱਲੇਗਾ। ਹਾਲਾਂਕਿ, ਸੈਟੇਲਾਈਟ ਇੰਟਰਨੈੱਟ ਉੱਤੇ ਰੋਕ ਲੱਗੀ ਹੈ ਯਾਨਿ ਕਿ ਤੁਹਾਡੇ ਮੋਬਾਇਲ ਵਿੱਚ ਸਿੰਮ ਨਾਲ ਜੋ ਇੰਟਰਨੈੱਟ ਚੱਲ ਰਿਹਾ ਸੀ, ਉਸ ਉੱਤੇ ਰੋਕ ਲੱਗੀ ਹੈ। ਘਰਾਂ ਵਿੱਚ ਜੋ ਵਾਈਫਾਈ ਲੱਗੇ ਹੋਏ ਹਨ, ਉਹ ਨੈੱਟ ਚੱਲਦੇ ਰਹਿਣਗੇ।

ਪੰਜਾਬ ਵਿੱਚ ਮਾਹੌਲ ਕਿਸੇ ਵੀ ਤਰੀਕੇ ਨਾਲ ਸੋਸ਼ਲ ਮੀਡੀਆ ਉਪਰ ਨਾ ਭੜਕ ਜਾਵੇ ਜਾਂ ਫਿਰ ਕਾਨੂੰਨ ਵਿਵਸਥਾ ਨੂੰ ਕੰਟਰੋਲ ਵਿੱਚ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਇਹ ਫੈਸਲਾ ਕੀਤਾ ਗਿਆ। ਇਹ ਆਦੇਸ਼ ਪੰਜਾਬ ਦੇ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹਨ। ਜੇਕਰ ਪੰਜਾਬ ਵਿੱਚ ਮਾਹੌਲ ਸਹੀ ਰਹਿੰਦਾ ਹੈ ਤਾਂ ਕਹਿ ਸਕਦੇ ਹਾਂ ਕਿ ਇੰਟਰਨੈਟ ਸੇਵਾ ਮੁੜ ਬਹਾਲ ਕੀਤੀ ਜਾਵੇ ਪਰ ਜੇਕਰ ਮਾਹੌਲ ਠੀਕ ਨਾ ਹੋਇਆ ਤਾਂ ਇਹ ਪਾਬੰਦੀ ਹੋਰ ਵੀ ਵਧਾਈ ਜਾ ਸਕਦੀ ਹੈ।

‘ਵਾਰਿਸ ਪੰਜਾਬ ਦੇ’ ਮੁਖੀ ਅਮ੍ਰਿਤਪਾਲ ਸਿੰਘ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਦੀ ਦੂਜੇ ਦਿਨ ਵੀ ਕਾਰਵਾਈ ਜਾਰੀ ਹੈ। ਹਾਲਾਂਕਿ, ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 78 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਕੋਲੋ 8 ਰਾਇਫਲਾਂ ਸਣੇ 9 ਹਥਿਆਰ ਫੜ੍ਹੇ ਗਏ ਹਨ ਅਤੇ ਆਪਰੇਸ਼ਨ ਦੌਰਾਨ ਇੱਕ ਰਿਵਾਲਵਰ ਵੀ ਬਰਾਮਦ ਹੋਇਆ ਹੈ। ਇਸੇ ਮਾਮਲੇ ਵਿੱਚ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਵਿੱਚ ਪੁਲਿਸ ਟੀਮਾਂ ਕਾਰਵਾਈ ਸ਼ੁਰੂ ਕੀਤੀ ਸੀ।

ਪੰਜਾਬ ਵਿੱਚ ਐਤਵਾਰ ਦੁਪਹਿਰ 12 ਵਜੇ ਤੱਕ ਇੰਟਰਵਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ ਜਿਸਨੂੰ ਅੱਜ ਮੁੜ ਵਧਾ ਕੇ ਕੱਲ੍ਹ 12 ਵਜੇ ਤੱਕ ਇੰਟਰਨੈੱਟ ਸੇਵਾ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਪੰਜਾਬ ਪੁਲਿਸ ਦੇ ਜਲੰਧਰ ਦੇ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਅਮ੍ਰਿਤਪਾਲ ਸਿੰਘ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਭਾਵੇਂ ਕਿ ਉਸ ਦੇ 78 ਸਾਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਮ੍ਰਿਤਪਾਲ ਦੀ ਭਾਲ਼ ਕਰਨ ਲਈ ਪੰਜਾਬ ਵਿੱਚ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਬੇ ਦੀਆਂ ਮੁੱਖ ਸੜ੍ਹਕਾਂ ਉੱਤੇ ਸਖ਼ਤ ਨਾਕੇਬੰਦੀ ਕੀਤੀ ਗਈ ਹੈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਉੱਧਰ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ। ਉਨ੍ਹਾਂ ਪੁਲਿਸ ਵਲੋਂ ਅਮ੍ਰਿਤਪਾਲ ਦੇ ਕਾਫ਼ਲੇ ਨੂੰ ਰਾਹ ਵਿੱਚ ਰੋਕ ਦੇ ਗ੍ਰਿਫ਼ਤਾਰ ਕਰਨ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਸਵੇਰੇ 8 ਵਜੇ ਤੱਕ ਘਰ ਸੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਸੀ।