India Punjab

ਯੋਗ ਦੇ ਰੰਗ ’ਚ ਰੰਗਿਆ ਭਾਰਤ, CM ਮਾਨ ਨੇ ਵੀ ਕੀਤਾ ਯੋਗ

ਬਿਊਰੋ ਰਿਪੋਰਟ –  ਭਾਰਤ ਸਮੇਤ ਦੁਨੀਆ ਭਰ ’ਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 2014 ਤੋਂ ਹੋਈ ਸੀ। ਇਸ ਸਾਲ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਵੱਖ ਰਾਜਨੀਤਿਕ ਹਸਤੀਆਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਯੋਗ ਦਿਵਸ ਮਨਾਉਂਦਿਆ ਦੀਆਂ ਫੋਟੋਆਂ ਪੋਸਟ ਕੀਤੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ (ਸ਼ੁੱਕਰਵਾਰ, 21 ਜੂਨ) ਨੂੰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ ਯੋਗ ਕੀਤਾ। ਹਾਲਾਂਕਿ ਬਾਰਸ਼ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਪ੍ਰੋਗਰਾਮ ਹਾਲ ਵਿੱਚ ਸ਼ਿਫਟ ਕਰਨਾ ਪਿਆ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਯੋਗ ਦਿਵਸ ਮਨਾਇਆ। ਉਨ੍ਹਾਂ ਲੋਕਾਂ ਨਾਲ ਯੋਗ ਕੀਤਾ। ਆਪਣੇ ਐਕਸ ਹੈਂਡਲ ’ਤੇ ਉਨ੍ਹਾਂ ਲਿਖਿਆ, “ਕੌਮਾਂਤਰੀ ਯੋਗਾ ਦਿਵਸ ਮੌਕੇ ਆਓ ਆਪਣੀ ਜ਼ਿੰਦਗੀ ’ਚ ਨਵੀਂ ਊਰਜਾ ਅਤੇ ਤੰਦਰੁਸਤੀ ਬਰਕਰਾਰ ਰੱਖਣ ਲਈ ਯੋਗ ਅਪਣਾਈਏ…”

ਦੱਸ ਦੇਈਏ ਪੰਜਾਬ ਸਰਕਾਰ ਵੱਲੋਂ ‘ਸੀਐਮ ਦੀ ਯੋਗਸ਼ਾਲਾ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਮਰਦ, ਔਰਤਾਂ, ਨੌਜਵਾਨ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ।

ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਡਾ ਨੇ ਆਪਣੇ ਐਕਸ ਹੈਡਲ ’ਤੇ ਮੁੱਖ ਮੰਤਰੀ ਨਾਲ ਯੋਗ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਲਿਖਿਆ, “ਅੰਤਰਰਾਸ਼ਟਰੀ ਯੋਗ ਦਿਵਸ ਮੁਬਾਰਕ! ‍♀️ ਯੋਗਾ ਸਿਰਫ਼ ਇੱਕ ਕਸਰਤ ਤੋਂ ਵੱਧ ਹੈ; ਇਹ ਮਨ, ਸਰੀਰ ਅਤੇ ਆਤਮਾ ਦੀ ਯਾਤਰਾ ਹੈ। ਭਾਰਤ ਤੋਂ ਸ਼ੁਰੂ ਹੋਇਆ, ਯੋਗਾ ਇੱਕ ਵਿਸ਼ਵਵਿਆਪੀ ਅਭਿਆਸ ਬਣ ਗਿਆ ਹੈ, ਜੋ ਸ਼ਾਂਤੀ, ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ। ਆਓ ਸੰਤੁਲਿਤ ਜੀਵਨ ਲਈ ਇਸਦੇ ਲਾਭਾਂ ਨੂੰ ਅਪਣਾਈਏ।”

ਉੱਧਰ ਅੱਜ ਚੰਡੀਗੜ੍ਹ ਦੇ ਪੀਜੀਆਈ ਵਿੱਚ ਯੋਗਾ ਕਰਨ ਦਾ ਏਸ਼ੀਆ ਬੁੱਕ ਆਫ ਰਿਕਾਰਡ ਦਰਜ ਕੀਤਾ ਗਿਆ ਹੈ। ਇੱਥੇ ਅੱਜ 1924 ਦੇ ਕਰੀਬ ਸਿਹਤ ਵਰਕਰਾਂ ਨੇ ਇੱਕ ਥਾਂ ’ਤੇ ਯੋਗਾ ਕੀਤਾ। ਰਾਕ ਗਾਰਡਨ ਚੰਡੀਗੜ੍ਹ ਵਿੱਚ ਵੀ ਯੋਗ ਦਿਵਸ ਪ੍ਰੋਗਰਾਮ ਕਰਵਾਇਆ ਗਿਆ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਸਨ।

ਇਹ ਵੀ ਪੜ੍ਹੋ – ਡਰੱਗ ਸਮੱਗਲ ਨੂੰ ਹਾਈਕੋਰਟ ਵੱਲੋਂ 20 ਸਾਲ ਦੀ ਸਜ਼ਾ!