ਅੰਮ੍ਰਿਤਸਰ : ਪਿਛਲੇ ਇਕ ਮਹੀਨੇ ਤੋਂ ਪਹਿਲਵਾਨ ਜੰਤਰ-ਮੰਤਰ ‘ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸੇ ਦੌਰਾਨ ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਤੇ ਸਤਿਆਵਰਤ ਕਾਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ।
ਆਪਣੇ ਪਤੀ ਸੱਤਿਆਵਰਤ ਨਾਲ ਸ੍ਰੀ ਦਮਦਮਾ ਸਾਹਿਬ ਪੁੱਜੀ ਕੌਮਾਂਤਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਨਾਂ ਵੱਲੋਂ ਬੀਤੇ 32 ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤੇ ਜਾ ਰਹੇ ਸੰਘਰਸ਼ ਦੇ ਕਾਰਨਾਂ ਅਤੇ ਸਮੁੱਚੇ ਪਹਿਲਵਾਨਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮੁੱਚੇ ਪਹਿਲਵਾਨਾਂ ਦੀ ਇਸ ਮੰਗ ਤੋਂ ਵੀ ਜਾਣੂੰ ਕਰਵਾਇਆ ਕਿ ਉਹ ਸਿੱਖ ਕੌਮ ਦੇ ਨਾਂ ਇੱਕ ਅਪੀਲ ਜਾਰੀ ਕਰਨ ਤਾਂ ਕਿ ਸਮੁੱਚਾ ਸਿੱਖ ਜਗਤ ਉਨਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਆਵੇ।
ਜਥੇਦਾਰ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਵੇ ਅਤੇ ਮਾਮਲੇ ਨੂੰ ਜਲਦ ਹੱਲ ਕਰਕੇ ਪੀੜਿਤ ਪਹਿਲਵਾਨ ਬੇਟੀਆਂ ਲਈ ਇਨਸਾਫ ਯਕੀਨੀ ਬਣਾਵੇ। ਜਥੇਦਾਰ ਨੇ ਦੇਸ਼ ਦੀ ਝੋਲੀ ਵਿੱਚ ਤਗਮੇ ਪਾਉਣ ਵਾਲੀ ਸਾਕਸ਼ੀ ਮਲਿਕ ਅਤੇ ਉਸਦੇ ਪਤੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਸਬੰਧੀ ਸਾਕਸ਼ੀ ਮਲਿਕ ਨੇ ਟਵੀਟ ਕਰਦਿਆਂ ਲਿਖਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਅਸ਼ੀਰਵਾਦ ਲਿਆ। ਧੀਆਂ ਦੇ ਇਨਸਾਫ਼ ਦੀ ਲੜਾਈ ਵਿਚ ਸਿੱਖ ਕੌਮ ਨੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਧੀਆਂ ਦੇ ਸਤਿਕਾਰ ਦੀ ਇਸ ਲੜਾਈ ਵਿਚ ਸਾਡੇ ਨਾਲ ਹੈ।
https://twitter.com/SakshiMalik/status/1661345101694550016?s=20
ਮੁਲਾਕਾਤ ਉਪਰੰਤ ਪਹਿਲਵਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਦਿਆਂ ਸਿੰਘ ਸਾਹਿਬ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਕਿਉਂਕਿ ਸੰਘਰਸ਼ ਦੇਸ਼ ਦੀਆਂ ਬੇਟੀਆਂ ਨੂੰ ਇਨਸਾਫ਼ ਦਵਾਉਣ ਦਾ ਹੈ, ਇਸ ਲਈ ਮੋਰਚੇ ਨੂੰ ਹਰ ਪੱਖੋਂ ਸਮਰਥਨ ਦਿੱਤਾ ਜਾਵੇ।