‘ਦ ਖ਼ਾਲਸ ਬਿਊਰੋ :- ਸੰਯੁਕਤ ਕੁਸਾਨ ਮੋਰਚਾ ਨੇ ਕਿਸਾਨੀ ਸੰਘਰਸ਼ ਵਿੱਚ ਔਰਤਾਂ ਦੀ ਵੱਡੀ ਸ਼ਮੂਲੀਅਤ ਨੂੰ ਵੇਖਦਿਆਂ ਅੱਜ ਕੌਮਾਂਤਰੀ ਔਰਤ ਦਿਹਾੜੇ ਨੂੰ ‘ਔਰਤ ਕਿਸਾਨ ਦਿਵਸ’ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਅੱਜ ਸਾਰਾ ਦਿਨ ਔਰਤਾਂ ਹੀ ਸਟੇਜ ਸੰਭਾਲਣਗੀਆਂ, ਤਕਰੀਰਾਂ ਕਰਨਗੀਆਂ। ਅੱਜ ਦਾ ਦਿਨ ਕਿਸਾਨੀ ਅੰਦੋਲਨ ਦਾ ਸਾਰਾ ਪ੍ਰਬੰਧ ਔਰਤਾਂ ਹੀ ਵੇਖਣਗੀਆਂ। ਕਿਸਾਨੀ ਅੰਦੋਲਨ ਦੌਰਾਨ ਔਰਤਾਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

‘ਔਰਤ ਕਿਸਾਨ ਦਿਵਸ’ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਲਈ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਔਰਤਾਂ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਈਆਂ ਹਨ।
ਟਿਕਰੀ ਬਾਰਡਰ ‘ਤੇ ਭਾਰੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਹੋ ਰਹੀਆਂ ਹਨ। ਔਰਤਾਂ ਵੱਲੋਂ ਹੱਥਾਂ ਵਿੱਚ ਕਿਸਾਨੀ ਝੰਡੇ ਫੜ ਕੇ ਖੇਤੀ ਕਾਨੂੰਨਾਂ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਟਿਕਰੀ ਬਾਰਡਰ ਦੇ ਪਕੌੜਾ ਚੌਂਕ ‘ਚ ਵੱਡੀ ਗਿਣਤੀ ਵਿੱਚ ਔਰਤਾਂ ਇਕੱਠੀਆਂ ਹੋਈਆਂ। ਔਰਤਾਂ ਨੇ ਕੇਂਦਰ ਸਰਕਾਰ ਨੂੰ ਵੰਗਾਰ ਪਾਉਂਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਔਰਤਾਂ ਨੇ ਆਪਣੇ ਹੱਥਾਂ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਆਪਣੇ ਪਤੀਆਂ ਦੀਆਂ ਤਸਵੀਰਾਂ ਫੜ ਕੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਔਰਤਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਮੋਦੀ ਸਰਕਾਰ ਦੇ ਖਿਲਾਫ ਖੁਦ ਦੇ ਤਿਆਰ ਕੀਤੇ ਹੋਏ ਗੀਤ ਵੀ ਗਾਏ। ਔਰਤਾਂ ਵੱਲੋਂ ਕਿਸਾਨੀ ਅੰਦੋਲਨ ਦੀ ਤਸਵੀਰ ਨੂੰ ਪੇਸ਼ ਕਰਦੀ ਕੋਰਿਓਗ੍ਰਾਫੀ ਵੀ ਪੇਸ਼ ਕੀਤੀ ਗਈ। ਔਰਤਾਂ ਨੇ ਤਾੜੀਆਂ ਮਾਰੇ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਗੀਤ ਗਾਇਆ। ਇਸ ਗੀਤ ਨੂੰ ਰੈਪ ਦੀ ਤਰ੍ਹਾਂ ਬਹੁਤ ਹੀ ਵਧੀਆ ਢੰਗ ਨਾਲ ਗਾਇਆ ਗਿਆ।
ਇਸ ਮੌਕੇ ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ‘ਸਰਕਾਰ ਨੇ ਸਾਨੂੰ ਦੇਣਾ ਤਾਂ ਕੀ ਸੀ, ਸਰਕਾਰ ਤਾਂ ਸਾਡੇ ਤੋਂ ਸਾਡੇ ਹੱਕ ਖੋਹ ਰਹੀ ਹੈ। ਇਹ ਲਾਸ਼ਾਂ ਦੇ ਪਿੰਜਰੇ ਸਾਡੇ ਤੋਂ ਜ਼ਰੇ ਨਹੀਂ ਜਾਂਦੇ। ਤੇਰੇ ਦਰਵਾਜ਼ੇ ‘ਤੇ ਅਸੀਂ ਤੈਨੂੰ ਦੱਸਣ ਆਏ ਹਾਂ ਕਿ ਅਸੀਂ ਇਕੱਲੇ ਨਹੀਂ ਹਾਂ। ਸਾਡੇ ਪਿੱਛੇ ਸਾਡੀਆਂ ਮਾਂਵਾਂ, ਭੈਣਾਂ ਹਨ। ਵੇਖ ਲੈ, ਅਮਿਤ ਸ਼ਾਹ, ਇਹ ਭੈਣਾਂ ਘਰਾਂ ਵਿੱਚ ਵੀ ਹਨ ਅਤੇ ਅੰਦੋਲਨ ਵਿੱਚ ਵੀ ਹਨ’।
ਉਗਰਾਹਾਂ ਨੇ ਕਿਹਾ ਕਿ ‘ਸਾਨੂੰ ਸਰਕਾਰਾਂ ਕਹਿ ਰਹੀਆਂ ਹਨ ਕਿ ਤਿੰਨ ਮਹੀਨਿਆਂ ਵਿੱਚ ਤੁਸੀਂ ਕੀ ਹਾਸਿਲ ਕਰ ਲਿਆ ਹੈ ਤਾਂ ਸੁਣ ਲੈ ਸਰਕਾਰੇ, ਅਸੀਂ ਬਹੁਤ ਕੁੱਝ ਹਾਸਿਲ ਕਰ ਲਿਆ ਹੈ। 90 ਹਜ਼ਾਰ ਔਰਤਾਂ ਦਾ ਇਕੱਠ ਕਦੇ ਦਿੱਲੀ ਦੀ ਹੱਦ ‘ਤੇ ਨਹੀਂ ਹੋਇਆ, ਜੋ ਅੱਜ ਹੋਇਆ ਹੈ। ਅਸੀਂ ਹਰਿਆਣਾ ਦੀ ਧਰਤੀ ‘ਤੇ ਬੈਠੇ ਹਾਂ। ਅਸੀਂ ਹਰਿਆਣਾ ਦੇ ਲੋਕਾਂ ਦਾ ਦਿਲ ਵੇਖ ਲਿਆ ਹੈ। ਉਨ੍ਹਾਂ ਨਾਲ ਅਸੀਂ ਸਾਂਝ ਪਾ ਲਈ ਹੈ। ਪਹਿਲਾਂ ਇਹ ਚਰਚਾ ਸੀ ਕਿ ਅਸੀਂ ਇੱਕ-ਦੂਜੇ ਦੇ ਦੁਸ਼ਮਣ ਹਾਂ ਪਰ ਹੁਣ ਸੱਚ ਸਾਹਮਣੇ ਆ ਗਿਆ ਹੈ। ਅਸੀਂ ਰਲ ਕੇ ਇਹ ਅੰਦੋਲਨ ਲੜ ਰਹੇ ਹਾਂ। ਜੇਕਰ ਅਸੀਂ ਜਿੱਤਾਂਗੇ ਤਾਂ ਇਸਦਾ ਪਹਿਲਾ ਸਿਹਰਾ ਔਰਤਾਂ ਨੂੰ ਜਾਵੇਗਾ।
ਸਿੰਘੂ ਬਾਰਡਰ ‘ਤੇ ਔਰਤਾਂ ਦਾ ਵਿਸ਼ਾਲ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਔਰਤਾਂ ਵੱਲੋਂ ਅੱਜ ਸਟੇਜ ਸੰਭਾਲੀ ਜਾ ਰਹੀ ਹੈ ਅਤੇ ਤਕਰੀਰਾਂ ਕੀਤੀਆਂ ਜਾ ਰਹੀਆਂ ਹਨ।
ਔਰਤ ਦਿਹਾੜੇ ਮੌਕੇ ਉੱਤਰ ਪ੍ਰਦੇਸ਼ ਸਰਕਾਰ ਨੇ ਔਰਤਾਂ ਨੂੰ ਕੋਰੋਨਾ ਵਾਇਰਸ ਟੀਕਾ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਯੂ.ਪੀ. ਦੇ 75 ਜ਼ਿਲ੍ਹਿਆਂ ਵਿੱਚ ਸਿਰਫ ਔਰਤਾਂ ਨੂੰ 3-3 ਬੂਥਾਂ ‘ਤੇ ਟੀਕਾ ਲਗਾਇਆ ਜਾਵੇਗਾ। ਦਿੱਲੀ ਦੀ ਕਮਾਨ ਦਿੱਲੀ ਪੁਲਿਸ ਦੀਆਂ ਔਰਤ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾਵੇਗੀ। ਦਿੱਲੀ ਪੁਲਿਸ ਦੇ ਪੀਆਰਓ ਚਿੰਨਮਈ ਬਿਸਵਾਲ ਦੇ ਅਨੁਸਾਰ, ਦਿੱਲੀ ਪੁਲਿਸ ਵਿੱਚ ਔਰਤ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਕਰੀਬ 11 ਹਜ਼ਾਰ ਹੈ। ਇਸ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਔਰਤ ਅਧਿਕਾਰੀ ਅਤੇ ਔਰਤ ਪੁਲਿਸ ਮੁਲਾਜ਼ਮ ਤਾਇਨਾਤ ਹਨ।

ਪੁਲਿਸ ਥਾਣਿਆਂ ਦਾ ਕੰਮ, ਟ੍ਰੈਫਿਕ ਦਾ ਕੰਮ ਅਤੇ ਪੀਸੀਆਰ ਔਰਤ ਪੁਲਿਸ ਮੁਲਾਜ਼ਮਾਂ ਦੇ ਹੱਥਾਂ ਵਿੱਚ ਹੋਵੇਗੀ। ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਔਰਤ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕਰਨ ਲਈ ਦਿੱਲੀ ਪੁਲਿਸ ਨੇ ਇਹ ਪਹਿਲ ਕੀਤੀ ਹੈ। ਦਿੱਲੀ ਦੇ ਜ਼ਿਆਦਾਤਰ ਥਾਂਵਾਂ ‘ਤੇ ਇੱਕ ਡਿਉਟੀ ਅਫ਼ਸਰ ਔਰਤ ਪੁਲਿਸ ਅਧਿਕਾਰੀ ਨੂੰ ਬਣਾਇਆ ਜਾਵੇਗਾ ਅਤੇ ਇੱਕ ਮਰਦ ਪੁਲਿਸ ਕਰਮਚਾਰੀ ਨੂੰ ਸਹਾਇਤਾ ਲਈ ਰੱਖਿਆ ਜਾਵੇਗਾ।
ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਵਿਦੇਸ਼ੀ ਅਤੇ ਭਾਰਤੀ ਔਰਤਾਂ ਨੂੰ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਕੇਂਦਰ ਸਰਕਾਰ ਦੁਆਰਾ ਸੁਰੱਖਿਅਤ ਸਮਾਰਕਾਂ ਵਿੱਚ ਮੁਫਤ ਦਾਖਲਾ ਦਿੱਤਾ ਜਾਵੇਗਾ। ਭਾਰਤ ਦੇ ਪੁਰਾਤੱਤਵ ਸਰਵੇਖਣ ਨੇ ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਤਾਜ ਮਹਿਲ ਸਮੇਤ ਹੋਰ ਸਮਾਰਕਾਂ ਨੂੰ ਮੁਫਤ ਐਂਟਰੀ ਦੇਣ ਦਾ ਫੈਸਲਾ ਕੀਤਾ ਹੈ। ਏਐਸਆਈ ਅਧੀਨ ਕੁੱਲ 3691 ਸਮਾਰਕ ਸ਼ਾਮਲ ਹਨ।