The Khalas Tv Blog International ਅੰਮ੍ਰਿਤਸਰ ਤੋਂ ਜਲਦ ਹੀ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ
International Punjab

ਅੰਮ੍ਰਿਤਸਰ ਤੋਂ ਜਲਦ ਹੀ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਦਾ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ 29 ਮਾਰਚ ਤੋਂ 8 ਅੰਤਰਰਾਸ਼ਟਰੀ ਅਤੇ 13 ਘਰੇਲੂ ਹਵਾਈ ਅੱਡਿਆਂ ਨਾਲ ਜੁੜ ਜਾਵੇਗਾ। ਏਅਰ ਲਾਈਨ ਦੇ ਖੇਤਰ ਵਿੱਚ ਗਰਮੀਆਂ ਦਾ ਮੌਸਮ 29 ਮਾਰਚ ਤੋਂ ਸ਼ੁਰੂ ਹੁੰਦਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ, ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਉਡਾਣਾਂ ਦੀ ਗਿਣਤੀ ਵਧਣ ਨਾਲ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਹੋਣ ਵਾਲੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੂਰਬ ਦੇ ਸ਼ਤਾਬਦੀ ਸਮਾਗਮਾਂ ‘ਤੇ ਆਉਣ ਵਾਲੀ ਸੰਗਤ ਨੂੰ ਅੰਮ੍ਰਿਤਸਰ ਪਹੰਚਣ ਵਿੱਚ ਬਹੁਤ ਸਹੂਲਤ ਹੋਵੇਗੀ।

ਉਹਨਾਂ ਕਿਹਾ ਕਿ ਭਾਰਤ ਦੀਆਂ ਏਅਰਲਾਈਨ ਵੱਲੋਂ ਆਪਣੀ ਵੈਬਸਾਈਟ ‘ਤੇ ਜਾਰੀ ਕੀਤੀ ਸਮਾਂ ਸੂਚੀ ਅਨੁਸਾਰ ਪਹਿਲੀ ਵਾਰ ਅੰਮ੍ਰਿਤਸਰ ਦਾ ਹਵਾਈ ਅੱਡਾ, ਏਅਰ ਇੰਡੀਆ ਦੁਆਰਾ ਯੂਰਪ ਦੇ ਤਿੰਨ ਹਵਾਈ ਅੱਡੇ ਲੰਡਨ, ਬਰਮਿੰਘਮ, ਰੋਮ ਅਤੇ ਹੋਰਨਾਂ ਨਿੱਜੀ ਏਅਰਲਾਈਨ ਦੁਆਰਾ ਯੂ.ਏ.ਈ. ਦੇ ਚਾਰ ਹਵਾਈ ਅੱਡਿਆਂ ਨਾਲ ਸਿੱਧਾ ਜੁੜ ਗਿਆ ਹੈ।

ਏਅਰ ਇੰਡੀਆਂ ਨੇ ਅਸਥਾਈ ਹਵਾਈ ਸਮਝੌਤਿਆਂ ਦੇ ਤਹਿਤ, ਬਰਮਿੰਘਮ ਅਤੇ ਲੰਡਨ ਹੀਥਰੋ ਹਵਾਈ ਅੱਡੇ ਲਈ ਅਕਤੂਬਰ 2021 ਦੇ ਅੰਤ ਤੱਕ 1 ਹਫਤਾਵਾਰੀ ਉਡਾਣਾਂ ਲਈ ਬੁਕਿੰਗ ਖੋਲ੍ਹ ਦਿੱਤੀ ਹੈ। ਯੂ.ਕੇ. ਵਿੱਚ ਫੈਲੇ ਨਵੇਂ ਵਾਇਰਸ ਕਾਰਨ ਇਸ ਸਮੇਂ ਏਅਰ ਲਾਈਨਾਂ ਨੂੰ ਸਿਰਫ ਦਿੱਲੀ, ਮੁੰਬਈ ਅਤੇ ਬੰਗਲੁਰੂ ਤੋਂ ਲੰਦਨ ਲਈ ਉਡਾਣਾਂ ਭਰਨ ਦੀ ਆਗਿਆ ਹੈ।

ਗੁਮਟਾਲਾ ਅਨੁਸਾਰ ਏਅਰ ਇੰਡੀਆ ਨੇ ਆਪਣੀ ਹਫਤੇ ਵਿੱਚ ਇੱਕ ਦਿਨ ਚੱਲਣ ਵਾਲੀ ਅੰਮ੍ਰਿਤਸਰ-ਰੋਮ ਸਿੱਧੀ ਉਡਾਣ ਦੀ ਬੁਕਿੰਗ ਮਈ 2021 ਦੇ ਅੰਤ ਤੱਕ ਅਤੇ ਅੰਮ੍ਰਿਤਸਰ-ਦੁਬਈ ਦਰਮਿਆਨ ਚੱਲਣ ਵਾਲੀਆਂ ਦੋ ਹਫਤਾਵਾਰੀ ਉਡਾਣਾਂ ਨੂੰ ਅਕਤੂਬਰ 2021 ਦੇ ਅੰਤ ਤੱਕ ਖੋਲ੍ਹ ਦਿੱਤਾ ਹੈ। ਆਬੂਧਾਬੀ ਲਈ ਵੀ ਏਅਰ ਇੰਡੀਆਂ ਵੱਲੋਂ ਹਫਤੇ ਵਿੱਚ ਇੱਕ ਉਡਾਣ ਚਲਾਈ ਜਾਵੇਗੀ।

ਭਾਰਤ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਇੰਡੀਗੋ ਵੀ ਹਫਤੇ ਵਿੱਚ ਸ਼ਾਰਜਾਹ ਲਈ ਛੇ, ਆਬੂਧਾਬੀ ਲਈ ਇੱਕ ਅਤੇ ਦੁਬਈ ਲਈ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ। ਸਪਾਈਸਜੈੱਟ ਵੱਲੋਂ ਵੀ ਅਪ੍ਰੈਲ ਮਹੀਨੇ ਦੇ ਅੰਤ ਤੱਕ ਰਸ-ਅਲ-ਖੈਮਾਹ ਲਈ ਪੰਜ ਹਫਤਾਵਾਰੀ ਸਿੱਧੀਆਂ ਉਡਾਣਾਂ ਅਤੇ ਮਈ ਮਹੀਨੇ ਤੋਂ ਦੁਬਈ ਲਈ ਸਿੱਧੀਆਂ ਉਡਾਣਾਂ ਚਲਾਈਆਂ ਜਾਣਗੀਆਂ। ਏਅਰ ਇੰਡੀਆ ਐਕਸਪ੍ਰੈੱਸ ਵੀ ਇੱਥੋ ਰੋਜ਼ਾਨਾਂ ਦੁਬਈ ਲਈ ਉਡਾਣਾਂ ਜਾਰੀ ਰੱਖੇਗੀ ਅਤੇ ਹਫਤੇ ਵਿੱਚ ਇੱਕ ਦਿਨ ਆਬੂਧਾਬੀ ਲਈ ਵੀ ਉਡਾਣ ਭਰੇਗੀ।

ਕਤਰ ਏਅਰਵੇਜ਼ ਦੀਆਂ ਵੀ ਦੋਹਾ ਲਈ ਤਿੰਨ ਹਫਤਾਵਾਰੀ ਉਡਾਣਾਂ ਸਿੱਧੀਆਂ ਜਾਰੀ ਰਹਿਣਗੀਆਂ ਅਤੇ ਉਸ ਵੱਲੋਂ ਭਾਰਤ ਨਾਲ ਅਸਥਾਈ ਹਵਾਈ ਸਮਝੌਤਿਆਂ ਤਹਿਤ ਯਾਤਰੀਆਂ ਨੂੰ ਹੋਰਨਾਂ ਮੁਲਕਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਇੰਡੀਗੋ ਅਪ੍ਰੈਲ ਦੇ ਮਹੀਨੇ ਵਿੱਚ ਅੰਮ੍ਰਿਤਸਰ ਤੋਂ ਗੋਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਹੀ ਹੈ। ਇਸ ਰੂਟ ਦੇ ਸ਼ੁਰੂ ਹੋਣ ਨਾਲ, ਅੰਮ੍ਰਿਤਸਰ ਭਾਰਤ ਦੇ 13 ਘਰੇਲੂ ਹਵਾਈ ਅੱਡਿਆਂ, ਦਿੱਲੀ, ਮੁੰਬਈ, ਸ੍ਰੀਨਗਰ ਨਾਂਦੇੜ, ਪਟਨਾ, ਜੈਪੁਰ, ਕੋਲਕਤਾ, ਅਹਿਮਦਾਬਾਦ, ਬੰਗਲੋਰ, ਗੋਆ, ਹੈਦਰਾਬਾਦ, ਚੇਨਈ, ਗੁਵਾਹਾਟੀ ਨਾਲ ਜੁੜ ਜਾਵੇਗਾ।

ਅੰਮ੍ਰਿਤਸਰ ਤੋਂ ਗੋਏਅਰ ਵੀ ਹੁਣ 28 ਮਾਰਚ ਤੋਂ ਦਿੱਲੀ ਲਈ ਰੋਜ਼ਾਨਾਂ ਦੋ ਉਡਾਣਾਂ ਸ਼ੁਰੂ ਕਰ ਰਹੀ ਹੈ। ਗੋਏਅਰ ਨੇ 29 ਅਪ੍ਰੈਲ ਅਤੇ 1 ਮਈ ਤੋਂ ਬੰਗਲੌਰ ਅਤੇ ਮੁੰਬਈ ਲਈ ਵੀ ਸਿੱਧੀਆਂ ਉਡਾਣਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗੁਮਟਾਲਾ ਦਾ ਕਹਿਣਾ ਹੈ ਕਿ, “ਅਸੀਂ ਪਿਛਲੇ ਕੁੱਝ ਸਮੇਂ ਤੋਂ ਅੰਕੜਿਆ ਸਮੇਤ ਗੋਅਰ ਨੂੰ ਪੱਤਰ ਲਿੱਖ ਕੇ ਬੇਨਤੀ ਕਰਦੇ ਰਹੇ ਹਾਂ ਅਤੇ ਉਹਨਾਂ ਦੁਆਰਾ ਇੱਥੋਂ ਉਡਾਣਾਂ ਸ਼ੁਰੂ ਕਰਨ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ।“

Exit mobile version