Punjab

ਅਕਾਲੀ ਦਲ ‘ਚ ਵਧਿਆ ਅੰਦਰੂਨੀ ਕਲੇਸ਼, ਫਤਿਹਗੜ੍ਹ ਸਾਹਿਬ ‘ਚ ਪਾਸ ਕੀਤਾ ਗਿਆ ਮਤਾ, ਬਾਗੀਆਂ ਨੂੰ ਪਾਰਟੀ ‘ਚੋਂ ਕੱਢਣ ਦੀ ਮੰਗ

 ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਵਧਦਾ ਜਾ ਰਿਹਾ ਹੈ। ਹੁਣ ਫ਼ਤਹਿਗੜ੍ਹ ਸਾਹਿਬ ਵਿੱਚ ਜ਼ਿਲ੍ਹਾ ਜਥੇਬੰਦੀ ਨੇ ਮੀਟਿੰਗ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਮੰਗ ਕੀਤੀ ਹੈ ਕਿ ਬਾਗੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਇਸ ਤੋਂ ਇਲਾਵਾ ਸੁਖਬੀਰ ਬਾਦਲ ਦੇ ਸਮਰਥਨ ਵਿਚ ਪ੍ਰਸਤਾਵ ਵੀ ਪਾਸ ਕੀਤਾ ਗਿਆ।

ਅਕਾਲੀ ਦਲ ਵਿੱਚ ਆਪਸੀ ਖਹਿਬਾਜ਼ੀ ਕਾਰਨ ਦੋਵੇਂ ਧੜੇ ਦਿਨੋਂ ਦਿਨ ਇੱਕ ਦੂਜੇ ਖ਼ਿਲਾਫ਼ ਮੀਟਿੰਗਾਂ ਕਰ ਰਹੇ ਹਨ। ਅੱਜ ਫਤਹਿਗੜ੍ਹ ਸਾਹਿਬ ਵਿਖੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਜ਼ਿਲ੍ਹਾ ਇਕਾਈ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਐਲਾਨ ਕੀਤਾ ਕਿ ਉਹ ਸੁਖਬੀਰ ਬਾਦਲ ਦੇ ਨਾਲ ਹਨ। ਝਿੰਝਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇੱਕ ਮਤਾ ਪਾਸ ਕਰਕੇ ਪਾਰਟੀ ਪ੍ਰਧਾਨ ਤੋਂ ਮੰਗ ਕੀਤੀ ਗਈ ਹੈ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਬਾਹਰ ਕੱਢਿਆ ਜਾਵੇ ਅਤੇ ਕਦੇ ਵੀ ਮੁੜ ਅਕਾਲੀ ਦਲ ਵਿੱਚ ਸ਼ਾਮਲ ਨਾ ਕੀਤਾ ਜਾਵੇ।

ਚੰਦੂਮਾਜਰਾ ਦੇ ਕਰੀਬੀ ਗੈਰ ਹਾਜ਼ਰ ਰਹੇ

ਫਤਹਿਗੜ੍ਹ ਸਾਹਿਬ ਵਿੱਚ ਅਕਾਲੀ ਦਲ ਅੰਦਰਲੀ ਅੰਦਰੂਨੀ ਫੁੱਟ ਨੇ ਪਾਰਟੀ ਨੂੰ ਕਾਫੀ ਪਹਿਲਾਂ ਤੋਂ ਕਮਜ਼ੋਰ ਕਰ ਦਿੱਤਾ ਹੈ। ਪੰਥਕ ਹਲਕਾ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਸੀ ਅਤੇ ਅੱਜ ਉਨ੍ਹਾਂ ਲਈ ਪਾਰਟੀ ਨੂੰ ਆਪਣੇ ਹੀ ਲੋਕਾਂ ਤੋਂ ਬਚਾਉਣਾ ਵੱਡੀ ਚੁਣੌਤੀ ਬਣ ਗਿਆ ਹੈ। ਸੁਖਬੀਰ ਬਾਦਲ ਦੀ ਹਮਾਇਤ ਵਿੱਚ ਹੋਈ ਮੀਟਿੰਗ ਵਿੱਚੋਂ ਜ਼ਿਲ੍ਹੇ ਦੇ ਕਈ ਅਕਾਲੀ ਆਗੂ ਵੀ ਗਾਇਬ ਰਹੇ। ਇਨ੍ਹਾਂ ਵਿੱਚੋਂ ਕਈ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੇ ਕਰੀਬੀ ਹਨ।