Punjab

ਪੀਜੀਆਈ ਵਿੱਚ ਸਾਰਾ ਕੰਮ ਹਿੰਦੀ ਵਿੱਚ ਕਰਨ ਦੀ ਹਦਾਇਤ ਕੀਤੀ ਗਈ

Instruction to do all work in PGI in Hindi

ਚੰਡੀਗੜ੍ਹ : ਪੰਜਾਬੀ ਬੋਲਦੇ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਉਜਾੜ ਕੇ ਵਸਾਏ ਗਏ ਸ਼ਹਿਰ ਚੰਡੀਗੜ੍ਹ ਦੀ ਪ੍ਰਮੁੱਖ ਮੈਡੀਕਲ ਸੰਸਥਾ ਪੀਜੀਆਈ ਐਮਈਆਰ ਵਿੱਚ ਸਮੁੱਚਾ ਕੰਮ-ਕਾਰ ਹਿੰਦੀ ਭਾਸ਼ਾ ਵਿੱਚ ਕਰਨ ਦਾ ਤਹੱਈਆ ਕੀਤਾ ਗਿਆ ਹੈ। ਇਸ ਸਬੰਧੀ ਅੱਜ ਪੀਜੀਆਈ ਚੰਡੀਗੜ੍ਹ ਵਿੱਚ ‘ਹਿੰਦੀ ਰਾਜ ਭਾਸ਼ਾ’ ਵਿਸ਼ੇ ’ਤੇ ਇੱਕ ਸਮਾਗਮ ਕਰਵਾਇਆ ਗਿਆ।

ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਵਿੱਚ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭਾਰਤ ਸਰਕਾਰ ਦੀ ਰਾਜ ਭਾਸ਼ਾ ਨੀਤੀ ਬਾਰੇ ਜਾਗਰੂਕ ਕੀਤਾ ਗਿਆ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਰਾਜ ਭਾਸ਼ਾ ਹਿੰਦੀ ਦੇਸ਼ ਦੇ ਲੋਕਾਂ ਨੂੰ ਇੱਕ ਮਾਲਾ ਵਿੱਚ ਪਰੋਣ ਵਿਚ ਮਹੱਤਵਪੂਰਨ ਭੂਮਿਕਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ਵਿੱਚ ਕੰਮ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਕੰਮ-ਕਾਜ ਹਿੰਦੀ ਭਾਸ਼ਾ ਵਿੱਚ ਕਰਨ। ਪ੍ਰੋ. ਵਿਵੇਕ ਲਾਲ ਨੇ ਪ੍ਰੋ. ਬਬੀਤਾ ਘਈ, ਡਾ. ਵਰੁਣ ਸਿੰਗਲਾ, ਡਾ. ਦੀਪਿਕਾ ਬੰਸਲ ਅਤੇ ਡਾ. ਰਜਨੀ ਸ਼ਰਮਾ ਵੱਲੋਂ ਹਿੰਦੀ ਵਿੱਚ ਤਿਆਰ ਪੁਸਤਕ ‘ਪੀਠ ਦਰਦ: ਕਾਰਨ ਔਰ ਨਿਵਾਰਨ’ ਅਤੇ ਸੀਨੀਅਰ ਤਕਨੀਸ਼ੀਅਨ ਆਦਿੱਤਯ ਨਾਗਰਥ ਵੱਲੋਂ ਲਿਖੀ ਪੁਸਤਕ ‘ਚੰਡੀਗੜ੍ਹ ਸਪਨੋਂ ਕਾ ਸ਼ਹਿਰ’ ਲੋਕ ਅਰਪਣ ਕੀਤੀ ਗਈ।

ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਕੁਮਾਰ ਗੌਰਵ ਧਵਨ ਨੇ ਕਿਹਾ ਕਿ ਸੰਸਥਾ ਵਿੱਚ ਹਿੰਦੀ ਭਾਸ਼ਾ ’ਚ ਕੰਮ ਕਰਨ ਲਈ ਲੋੜੀਂਦੀ ਸਮੱਗਰੀ ਉਪਲਬਧ ਹੈ। ਕੁਮਾਰ ਗੌਰਵ ਧਵਨ ਨੇ ਪੀਜੀਆਈ ਦੇ ਸਾਰੇ ਡਾਕਟਰਾਂ, ਅਧਿਕਾਰੀਆਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਰਾ ਕੰਮ-ਕਾਜ ਹਿੰਦੀ ਭਾਸ਼ਾ ਵਿੱਚ ਕਰਨ ਨੂੰ ਤਰਜੀਹ ਦੇਣ।

ਪ੍ਰੋਗਰਾਮ ਵਿੱਚ ਸਾਲ-2022 ਦੌਰਾਨ ਆਪਣਾ ਸਮੁੱਚਾ ਕੰਮ-ਕਾਰ ਹਿੰਦੀ ਭਾਸ਼ਾ ਵਿੱਚ ਕਰਨ ਬਦਲੇ ਰਾਜੇਸ਼ ਸਕਸੈਨਾ ਤੇ ਰੰਜੀਤ ਦਾ ਸਨਮਾਨ ਕੀਤਾ ਗਿਆ। ਪ੍ਰੋ. ਰਾਕੇਸ਼ ਸਹਿਗਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।