Instant loan-cum-extortion racket,

ਚੰਡੀਗੜ੍ਹ : ਪੁਲੀਸ ਦੇ ਸਾਈਬਰ ਸੈੱਲ ਨੇ ਇੱਕ ਗੈਰ-ਕਾਨੂੰਨੀ ‘ਤਤਕਾਲ ਲੋਨ ਐਪ’(Instant loan-cum-extortion racket) ਚਲਾ ਰਹੇ ਤੇ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਰਹਿ ਰਹੇ ਇੱਕ ਚੀਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਸ ਰੈਕਟ ਵਿੱਚ ਸਿਰਫ਼ ਇਹ ਚੀਨੀ ਨਾਗਰਿਕ ਹੀ ਨਹੀਂ ਸਗੋਂ 60 ਹੋਰ ਮੈਂਬਰ ਵੀ ਸ਼ਾਮਲ ਸਨ। ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਦੇਸ਼ ਦੇ 5 ਰਾਜਾਂ ਵਿੱਚ ਫੈਲੇ ਇਸ ਗਰੋਹ ਦੀ ਪੜਤਾਲ ਕੀਤੀ ਤੇ 10 ਦਿਨਾਂ ਦੀ ਕਾਰਵਾਈ ਦੌਰਾਨ ਆਨਲਾਈਨ ਐਪ ਲੋਨ ਧੋਖਾਧੜੀ ਦੇ ਇੱਕ ਰੈਕਟ ਦਾ ਪਰਦਾਫਾਸ਼ ਕੀਤਾ।

ਪੁਲਿਸ ਨੇ ਉਕਤ ਮਾਮਲਿਆਂ ਵਿੱਚ ਕੁੱਲ ਮਿਲਾ ਕੇ 21 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ,ਜਿਸ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ। ਚੰਡੀਗੜ੍ਹ ਪੁਲੀਸ ਨੂੰ ਤੁਰੰਤ ਲੋਨ ਦਿਵਾਉਣ ਨੂੰ ਲੈ ਕੇ ਇੱਕ ਐਪ ਰਾਹੀਂ ਲੋਕਾਂ ਨੂੰ ਠੱਗਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਅਨੁਸਾਰ ਪੀੜਤਾਂ ਨੂੰ ਕਰਜ਼ੇ ਲਈ ਆਪਣੇ ਮੋਬਾਈਲ ’ਤੇ ਐੱਸਐੱਮਐੱਸ ਰਾਹੀਂ ਇੱਕ ਲਿੰਕ ਭੇਜਿਆ ਜਾਂਦਾ ਸੀ, ਜਿਵੇਂ ਹੀ ਉਹ ਲਿੰਕ ‘ਤੇ ਕਲਿੱਕ ਕਰਦੇ ਤਾਂ ਲੋਨ ਐਪਲੀਕੇਸ਼ਨ ਉਨ੍ਹਾਂ ਦੇ ਫ਼ੋਨ ਵਿੱਚ ਸਥਾਪਤ ਹੋ ਜਾਂਦੀ। ਇਸ ਤੋਂ ਬਾਅਦ ਐਪ ਦੀ ਇੰਸਟਾਲੇਸ਼ਨ ਦੌਰਾਨ ਐਪ ਮੋਬਾਈਲ ਧਾਰਕ ਤੋਂ ਉਸ ਦੇ ਸੰਪਰਕਾਂ, ਗੈਲਰੀ ਆਦਿ ਤੱਕ ਪਹੁੰਚ ਦੀ ਮੰਗ ਕਰਦਾ। ਇਸ ਤੋਂ ਬਾਅਦ ਪੀੜਤ ਲੋਨ ਲੈਣ ਲਈ ਐਪ ’ਤੇ ਲੋਨ ਲਈ ਆਪਣੇ ਵੇਰਵੇ ਸਾਂਝੇ ਕਰਦੇ ਅਤੇ ਉਸ ਤੋਂ ਬਾਅਦ ਇਹ ਠੱਗੀ ਦੀ ਖੇਡ ਸ਼ੁਰੂ ਹੋ ਜਾਂਦੀ।

ਕਈ ਸ਼ਿਕਾਇਤਕਰਤਾਵਾਂ ਵੱਲੋਂ ਲੋਨ ਦੀ ਰਕਮ ਵਾਪਸ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਦੁਬਾਰਾ ਲੋਨ ਦੀ ਰਕਮ ਵਾਪਸ ਕਰਨ ਲਈ ਧਮਕਾਇਆ ਜਾਂਦਾ ਅਤੇ ਅਜਿਹਾ ਨਾ ਕਰਨ ’ਤੇ ਉਨ੍ਹਾਂ ਦੀਆਂ ਜਾਅਲੀ ਅਸ਼ਲੀਲ ਫ਼ੋਟੋਆਂ ਤਿਆਰ ਕਰ ਕੇ ਸੋਸ਼ਲ ਮੀਡੀਆ ’ਤੇ ਅੱਪਲੋਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਧਮਕੀਆਂ ਤੋਂ ਡਰਦੇ ਕਈ ਲੋਕਾਂ ਨੇ ਮੁਲਜ਼ਮਾਂ ਵੱਲੋਂ ਮੰਗੇ ਗਏ ਪੈਸੇ ਮੁੜ ਦਿੱਤੇ ਗਏ।

ਪੀੜਤਾਂ ਨੂੰ ਵਾਰ-ਵਾਰ ਕਰਜ਼ੇ ਦੀ ਰਕਮ ਜਮਾਂ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਅਤੇ ਜਦੋਂ ਉਹ ਇਨਕਾਰ ਕਰਦੇ ਤਾਂ ਉਹ ਪੀੜਤ ਦੇ ਮੋਬਾਈਲ ਦੇ ਵਟਸਐਪ ਸੰਪਰਕਾਂ ’ਤੇ ਪੀੜਤ ਅਤੇ ਉਸ ਦੇ ਪਰਿਵਾਰ ਦੀਆਂ ਇਤਰਾਜ਼ਯੋਗ ਫ਼ੋਟੋਆਂ ਭੇਜਣੀਆਂ ਸ਼ੁਰੂ ਕਰ ਦਿੰਦੇ । ਮਾਮਲਿਆਂ ਦੀ ਜਾਂਚ ਲਈ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੇ ਦਿੱਲੀ ਐੱਨਸੀਆਰ, ਰਾਜਸਥਾਨ, ਬਿਹਾਰ ਅਤੇ ਝਾਰਖੰਡ ਵਿੱਚ ਛਾਪੇ ਮਾਰੇ। ਉਨ੍ਹਾਂ ਇਸ ਕਾਰਵਾਈ ਦੌਰਾਨ ਕੁੱਲ 21 ਮੁਲਜ਼ਮ ਗ੍ਰਿਫ਼ਤਾਰ ਕੀਤੇ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਵੱਖ-ਵੱਖ ਆਨਲਾਈਨ ਲੋਨ ਅਰਜ਼ੀਆਂ ਤੋਂ 17.31 ਲੱਖ ਦੀ ਠੱਗੀ ਹੋਈ ਰਕਮ ਬਰਾਮਦ ਕੀਤੀ ਗਈ ਹੈ।

ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਚੀਨੀ ਨਾਗਰਿਕ ਵਾਨ ਚੇਂਗੂਆ ਨੇ ਬਾਕਾਇਦਾ ਇਸ ਮੋਬਾਈਲ ਐਪ ਨੂੰ ਚਲਾਉਣ ਤੇ ਕਾਲ ਸੈਂਟਰ ’ਤੇ ਕੰਮ ਕਰਨ ਲਈ ਅੱਗੇ ਆਪਣੇ ਕਰਮਚਾਰੀ ਰੱਖੇ ਹੋਏ ਸਨ ।