Punjab

ਆਮ ਜਨਤਾ ‘ਤੇ ਮਹਿੰਗਾਈ ਦਾ ਝਟਕਾ , ਦੁੱਧ -ਦਹੀਂ ਤੋਂ ਬਾਅਦ ਵੇਰਕਾ ਨੇ ਵਧਾਇਆ ਪਨੀਰ ਦਾ ਰੇਟ

Verka Paneer became expensive

ਚੰਡੀਗੜ੍ਹ :  ਆਮ ਜਨਤਾ ‘ਤੇ ਇੱਕ ਵਾਰ ਫਿਰ ਤੋਂ ਮਹਿੰਗਾਈ ਦੀ ਮਾਰ ਪਈ ਹੈ। ਮਹਿੰਗਾਈ ਦੇ ਝਟਕਿਆਂ ਦਾ ਹੁਣ ਲੋਕਾਂ ਦੀ ਜੇਬ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨਾਂ ਦੌਰਾਨ ਵੇਰਕਾ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਵਾਧਾ ਕੀਤਾ ਸੀ। ਇਸ ਤੋਂ ਬਾਅਦ ਦਹੀਂ ਦੀ ਪੈਕਿੰਗ ਦੀ ਮਾਤਰਾ ਘਟਾ ਦਿੱਤੀ ਹੈ। ਹੁਣ 200 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ 75 ਰੁਪਏ ਤੋਂ ਵਧਾ ਕੇ 78 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਸਿੱਧੇ ਤੌਰ ‘ਤੇ 3 ਰੁਪਏ ਦਾ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਕੀਤੇ ਵਾਧੇ ਦਾ ਅਸਰ ਹੁਣ ਹੋਰ ਉਤਪਾਦਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਇੱਕ ਤੋਂ ਬਾਅਦ ਇੱਕ ਉਤਪਾਦ ਦੀ ਕੀਮਤ ਲਗਾਤਰ ਵੱਧ ਰਹੀ ਹੈ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਉੱਤੇ ਪੈ ਰਿਹਾ ਹੈ। ਫਲਾਂ-ਸਬਜ਼ੀਆਂ ਤੋਂ ਬਾਅਦ ਹੁਣ ਦੁੱਧ-ਦਹੀਂ ਅਤੇ ਪਨੀਰ ਲਈ ਹੋਰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਉੱਥੇ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਲਈ ਕਾਨੂੰਨ ਲਿਆਉਣਾ ਚਾਹੀਦਾ ਹੈ।

ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਲੋਕਾਂ ਲਈ ਦੋ ਵਕਤ ਦੀ ਰੋਟੀ ਖਾਣੀ ਔਖੀ ਹੋ ਜਾਵੇਗੀ। ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਰੋਜ਼ਾਨਾ ਦੀਆਂ ਖਾਣ ਵਾਲੀਆਂ ਚੀਜ਼ਾਂ ਹਨ। ਜੇਕਰ ਦੁੱਧ, ਦਹੀਂ ਅਤੇ ਪਨੀਰ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਇਸ ਦਾ ਲੋਕਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਵੇਗਾ।

ਪਨੀਰ ਮਹੱਤਵਪੂਰਨ ਕਿਉਂ ਹੈ

ਮਨੁੱਖੀ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਅੰਗਾਂ ਦੇ ਵਿਕਾਸ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ। ਸ਼ਾਕਾਹਾਰੀ ਲੋਕਾਂ ਲਈ, ਦੁੱਧ, ਦਹੀਂ ਅਤੇ ਪਨੀਰ ਪੂਰੀ ਮਾਤਰਾ ਵਿੱਚ ਪ੍ਰੋਟੀਨ ਪ੍ਰਦਾਨ ਕਰਦੇ ਹਨ। ਇਸੇ ਲਈ ਕਿਡਨੀ ਅਤੇ ਲੀਵਰ ਵਰਗੇ ਅੰਗਾਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵੀ ਪ੍ਰੋਟੀਨ ਭਰਪੂਰ ਭੋਜਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

100 ਗ੍ਰਾਮ ਪਨੀਰ 289 ਕੈਲੋਰੀ ਊਰਜਾ ਪ੍ਰਦਾਨ ਕਰਦਾ ਹੈ

ਮਨੁੱਖੀ ਸਰੀਰ ਨੂੰ ਭੋਜਨ ਤੋਂ ਊਰਜਾ ਮਿਲਦੀ ਹੈ। ਜੇਕਰ ਪਨੀਰ ਦੀ ਗੱਲ ਕਰੀਏ ਤਾਂ 100 ਗ੍ਰਾਮ ਪਨੀਰ ਕੁੱਲ 289 ਕੈਲੋਰੀ ਊਰਜਾ ਦਿੰਦਾ ਹੈ। ਇਸ ਦੇ ਨਾਲ ਹੀ 100 ਗ੍ਰਾਮ ਪਨੀਰ 22.50 ਗ੍ਰਾਮ ਫੈਟ, 14.40 ਗ੍ਰਾਮ ਸੈਚੁਰੇਟਿਡ ਫੈਟ, 54 ਮਿਲੀਗ੍ਰਾਮ ਕੋਲੈਸਟ੍ਰੋਲ, 18.50 ਗ੍ਰਾਮ ਪ੍ਰੋਟੀਨ ਅਤੇ 3 ਗ੍ਰਾਮ ਕਾਰਬੋਹਾਈਡਰੇਟ ਪ੍ਰਦਾਨ ਕਰਦਾ ਹੈ।