International

ਬ੍ਰਿਟੇਨ ਦੀ ਰਾਜਨੀਤੀ ‘ਚ ਦਖਲ ਦੇਣ ਲਈ ਸੰਸਦ ਵਿੱਚ ਹੋਈ ਘੁਸ ਪੈਠ

‘ਦ ਖ਼ਾਲਸ ਬਿਊਰੋ : ਬਰਤਾਨੀ ਸੁਰੱਖਿਆ ਏਜੰਸੀ ਐੱਮਆਈ 5 ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇੱਕ ਕਥਿਤ ਚੀਨੀ ਏਜੰਟ ਨੇ ਬ੍ਰਿਟੇਨ ਦੀ ਰਾਜਨੀਤੀ ਵਿੱਚ ਦਖਲ ਦੇਣ ਦੇ ਲਈ ਸੰਸਦ ਵਿੱਚ ਘੁਸਪੈਠ ਕੀਤੀ ਹੈ। ਐੱਮਆਈ 5 ਵੱਲੋਂ ਦਿੱਤੀ ਗਈ ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਕ੍ਰਿਸਟੀਨ ਚਿੰਗ ਕੁਈ ਲੀ ਨੇ ਚੀਨ ਦੀ ਕਮਿਊਨਿਸਟ ਪਾਰਟੀ (ਸੀਸੀਪੀ) ਦੇ ਲਈ ਮੌਜੂਦਾ ਅਤੇ ਭਵਿੱਖ ਵਿੱਚ ਬਣਨ ਵਾਲੇ ਸੰਸਦ ਮੈਂਬਰਾਂ ਦੇ ਨਾਲ ਸੰਪਰਕ ਬਣਾਇਆ ਹੈ।

ਸੂਤਰਾਂ ਮੁਤਾਬਕ ਐੱਮਆਈ 5 ਦੀ ਇੱਕ ਲੰਮੀ ਅਤੇ ਅਹਿਮ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਕ੍ਰਿਸਟੀਨ ਚਿੰਗ ਕੁਈ ਲੀ ਨੇ ਲੇਬਰ ਪਾਰਟੀ ਦੇ ਬੈਰੀ ਗਾਰਡਨਰ ਨੂੰ ਫੰਡ ਦਿੱਤਾ ਸੀ। ਉਨ੍ਹਾਂ ਨੂੰ ਪੰਜ ਸਾਲਾਂ ਵਿੱਚ ਚਾਰ ਲੱਖ 20 ਹਜ਼ਾਰ ਪਾਊਂਡ (ਲਗਭਗ ਚਾਰ ਕਰੋੜ 25 ਲੱਖ ਰੁਪਏ) ਦਿੱਤੇ ਗਏ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਰੱਖਿਆ ਏਜੰਸੀ ਨੂੰ ਹਮੇਸ਼ਾ ਇਸਦੀ ਜਾਣਕਾਰੀ ਦਿੱਤੀ ਸੀ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਲਈ ਇਸ ਤਰ੍ਹਾਂ ਦੀ ਰਾਜਨੀਤਿਕ ਦਖ਼ਲਅੰਦਾਜ਼ੀ ਕਰਨਾ ਅਤੇ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਚਿੰਤਾਜਨਕ ਹੈ।