Punjab

ਪੰਜਾਬ ‘ਚ ਹੋਰ ਕਦੋਂ ਤੱਕ ਇੰਡਸਟਰੀਆਂ ਰਹਿਣਗੀਆਂ ਬੰਦ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬਿਜਲੀ ਸੰਕਟ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਅਤੇ ਸਿਆਸਤ ਵੀ ਇਸ ਮੁੱਦੇ ‘ਤੇ ਗਰਮਾਈ ਹੋਈ ਹੈ। ਹਰੇਕ ਸਿਆਸੀ ਆਗੂ ਵੱਲੋਂ ਪੰਜਾਬ ਸਰਕਾਰ ਨੂੰ ਬਿਜਲੀ ਸੰਕਟ ‘ਤੇ ਘੇਰਿਆ ਜਾ ਰਿਹਾ ਹੈ ਅਤੇ ਕਈਆਂ ਵੱਲੋਂ ਪੰਜਾਬ ਸਰਕਾਰ ਨੂੰ ਬਿਜਲੀ ਸੰਕਟ ਨਾਲ ਨਜਿੱਠਣ ਦੀਆਂ ਸਲਾਹਾਂ ਵੀ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਬਿਜਲੀ ਸੰਕਟ ਦੇ ਚੱਲਦਿਆਂ ਬਿਜਲੀ ਨਿਗਮ ਨੇ ਇੰਡਸਟਰੀ ਲਈ 15 ਜੁਲਾਈ ਤੱਕ ਪਾਬੰਦੀਆਂ ਵਧਾ ਦਿੱਤੀਆਂ ਹਨ।

ਬਿਜਲੀ ਨਿਗਮ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਜਨਰਲ ਇੰਡਸਟਰੀ ਖਪਤਕਾਰਾਂ, ਜਿਨ੍ਹਾਂਨੂੰ ਕੈਟਾਗਿਰੀ 1, 2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ, ਉਨ੍ਹਾਂ ਲਈ ਪਾਬੰਦੀਆਂ 11 ਜੁਲਾਈ ਨੂੰ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਜਾਰੀ ਰਹਿਣਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜੁਲਾਈ 2021 ਤੋਂ ਪ੍ਰਭਾਵਤ 1000 ਕੇ.ਵੀ.ਏ. ਤੱਕ ਦੇ ਠੇਕੇ ਦੀ ਮੰਗ ਨੂੰ ਮਨਜ਼ੂਰੀ ਦੇਣ ਵਾਲੇ ਜਨਰਲ ਸ਼੍ਰੇਣੀ ਦੇ ਐੱਲ.ਐੱਸ. ਉਪਭੋਗਤਾਵਾਂ ‘ਤੇ ਬਿਜਲੀ ਨਿਯਮਤ ਉਪਾਅ ਵਿੱਚ ਢਿੱਲ ਦਿੱਤੀ ਹੈ। ਉਦਯੋਗਿਕ ਖਪਤਕਾਰਾਂ ਨੂੰ ਹੁਣ 100 ਕੇਵੀਏ ਤੱਕ ਲੋਡ ਚਲਾਉਣ ਦੀ ਆਗਿਆ ਦਿੱਤੀ ਗਈ ਹੈ, ਜਦਕਿ ਪਹਿਲਾਂ ਦਿੱਤੀ ਛੋਟ ਸੀਮਾ ਸਿਰਫ 50 ਕੇਵੀਏ ਤੱਕ ਸੀ। ਇਸ ਨਾਲ ਬਿਜਲੀ ਨਿਗਮ ਸਿਸਟਮ ਉੱਤੇ ਭਾਰ ਲਗਭਗ 600 ਮੈਗਾਵਾਟ ਵਧੇਗਾ।