India Punjab

ਉਦਯੋਗਪਤੀ ਰਜਿੰਦਰ ਗੁਪਤਾ ਨੇ ਛੱਡੇ ਪੰਜਾਬ ਸਰਕਾਰ ਦੇ 2 ਅਹੁਦੇ, ਰਾਜ ਸਭਾ ਜਾਣ ਦੀ ਚਰਚਾ

ਬਿਊਰੋ ਰਿਪੋਰਟ (4 ਅਕਤੂਬਰ, 2025): ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਪੰਜਾਬ ਸਰਕਾਰ ਵੱਲੋਂ ਮਿਲੇ ਦੋ ਅਹਿਮ ਅਹੁਦੇ ਛੱਡ ਦਿੱਤੇ ਹਨ। ਉਹ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ-ਚੇਅਰਮੈਨ ਅਤੇ ਪਟਿਆਲਾ ਕਾਲੀ ਮਾਤਾ ਮੰਦਰ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸਨ।

ਉਨ੍ਹਾਂ ਦਾ ਅਸਤੀਫ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਇਹ ਕਦਮ ਉਨ੍ਹਾਂ ਨੂੰ ਰਾਜ ਸਭਾ ਭੇਜੇ ਜਾਣ ਦੀਆਂ ਚਰਚਾਵਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।

ਇਹ ਰਾਜ ਸਭਾ ਦੀ ਸੀਟ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਵੈਸਟ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਖ਼ਾਲੀ ਹੋਈ ਸੀ। ਪਹਿਲਾਂ ਇਸ ਸੀਟ ਲਈ ਦਿੱਲੀ ਦੇ ਲੀਡਰਾਂ ਦੇ ਨਾਮ ਚਰਚਾ ਵਿੱਚ ਸਨ, ਪਰ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਹੋਣ ਕਰਕੇ ਹੁਣ ਰਜਿੰਦਰ ਗੁਪਤਾ ਦਾ ਨਾਮ ਸਭ ਤੋਂ ਅੱਗੇ ਹੈ।

ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਵਿੱਚੋਂ ਇੱਕ ਹਨ। ਟ੍ਰਾਈਡੈਂਟ ਗਰੁੱਪ ਦੀਆਂ ਯੂਨਿਟਾਂ ਲੁਧਿਆਣਾ, ਬਰਨਾਲਾ, ਧੌਲਾ ਅਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਚੱਲ ਰਹੀਆਂ ਹਨ ਅਤੇ ਉਹਨਾਂ ਦੇ ਉਤਪਾਦ ਦੇਸ਼ ਅਤੇ ਵਿਦੇਸ਼ ਵਿੱਚ ਮਸ਼ਹੂਰ ਹਨ।