India

ਅਜੇ ਤੱਕ ਸੁਲਗ ਰਿਹਾ ਭਾਰਤ-ਚੀਨ ਵਿਵਾਦ! ਭਾਰਤ ਨੇ ਸੈਨਾ ਕੀਤੀ ਤੈਨਾਤ, ਦੋਵੇਂ ਮੁਲਕਾਂ ਦੇ ਫੌਜੀ ਅਧਿਕਾਰੀ ਅੱਜ ਫਿਰ ਕਰਨਗੇ ਬੈਠਕ

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਵਿੱਚ ਲਗਾਤਾਰ ਵੱਧ ਰਹੇ ਤਣਾਅ ਨੂੰ ਭਾਰਤ ਆਪਸੀ ਗੱਲਬਾਤ ਰਾਹੀਂ ਸੁਲਝਾਉਣਾ ਚਾਹੁੰਦਾ ਹੈ ਪਰ ਚੀਨ ਆਪਣੀਆਂ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ। ਇੱਕ ਪਾਸੇ ਤਾਂ ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੀ ਗੱਲ ਕਰ ਰਿਹਾ ਹੈ ਪਰ ਦੂਜੇ ਪਾਸੇ ਐਲਏਸੀ ‘ਤੇ ਵਿਵਾਦ ਵਧਾਉਣ ਵਾਲੀਆਂ ਹਰਕਤਾਂ ਕਰ ਰਿਹਾ ਹੈ। ਚੀਨ ਨੇ ਇੱਕ ਵਾਰ ਫਿਰ ਲਿਪੁਲੇਖ ਦਰ੍ਹੇ ਕੋਲ ਵਾਧੂ ਸੈਨਿਕ ਤਾਇਨਾਤ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਚੀਨ ਨੇ ਲਿਪੁਲੇਖ ਦਰ੍ਹੇ ਨੇੜੇ 1000 ਦੇ ਕਰੀਬ ਸੈਨਿਕ ਤਾਇਨਾਤ ਕੀਤੇ ਹਨ।

ਚੀਨ ਨਾਲ ਲੱਗਦੀ ਸਰਹੱਦ ‘ਤੇ ਤਣਾਅ ਨੂੰ ਘਟਾਉਣ ਲਈ ਅੱਜ ਲੈਫਟੀਨੈਂਟ ਜਨਰਲ ਪੱਧਰ ‘ਤੇ ਗੱਲਬਾਤ ਹੋਵੇਗੀ। ਇਹ ਗੱਲਬਾਤ ਚੀਨ ਵੱਲੋਂ ਮੋਲਡੋ ‘ਚ ਤਕਰੀਬਨ 11 ਵਜੇ ਹੋਣ ਜਾ ਰਹੀ ਹੈ। ਲੈਫਟੀਨੈਂਟ ਜਨਰਲ ਦੇ ਅਹੁਦੇ ਦੇ ਅਧਿਕਾਰੀਆਂ ਵਿਚਕਾਰ ਇਹ ਪੰਜਵੀਂ ਵਾਰ ਮੀਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਚੁਸ਼ੂਲ ਵਿੱਚ ਭਾਰਤ ਤੇ ਚੀਨ ਦੇ ਵਿੱਚ ਚੌਥੇ ਦੌਰ ਦੀ ਗੱਲਬਾਤ ਹੋਈ ਸੀ ਜੋ ਕਿ ਤਕਰੀਬਨ 15 ਘੰਟੇ ਚੱਲੀ। ਅੱਜ ਵੀ ਕਮਾਂਡਰਾਂ ਦੀ ਬੈਠਕ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਐਲਏਸੀ ‘ਤੇ ਤਣਾਅ ਘੱਟ ਕਰਨ ‘ਤੇ ਵਿਚਾਰ ਵਟਾਂਦਰੇ ਹੋਣਗੇ।

ਚੀਨ ਵੱਲੋਂ ਲਿਪੁਲੇਖ ਦਰ੍ਹੇ ਨੇੜੇ 1000 ਦੇ ਕਰੀਬ ਸੈਨਿਕ ਤਾਇਨਾਤ ਕਰਨ ਦੇ ਜਵਾਬ ਵਿੱਚ ਭਾਰਤੀ ਫੌਜ ਨੇ ਵੀ ਲਿਪੁਲੇਖ ਦਰ੍ਹੇ ‘ਤੇ ਬਰਾਬਰ ਗਿਣਤੀ ਵਿੱਚ ਆਪਣੇ ਸੈਨਿਕ ਤਾਇਨਾਤ ਕੀਤੇ ਹਨ। ਇਸੇ ਇਲਾਕੇ ਵਿੱਚ ਭਾਰਤ ਤੇ ਨੇਪਾਲ ਦਰਮਿਆਨ ਵੀ ਤਣਾਅ ਦੇਖਿਆ ਗਿਆ ਸੀ। ਨੇਪਾਲ ਨੇ ਆਪਣੇ ਨਵੇਂ ਨਕਸ਼ੇ ਵਿੱਚ ਇਸ ਇਲਾਕੇ ਨੂੰ ਆਪਣਾ ਖੇਤਰ ਦੱਸਿਆ ਹੈ। ਨੇਪਾਲ ਦੀ ਇਸ ਹਰਕਤ ਤੋਂ ਬਾਅਦ ਹੁਣ ਚੀਨੀ ਫੌਜ ਦੀ ਤਾਇਨਾਤੀ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਦੇ ਪਿੱਛੇ ਚੀਨ ਹੀ ਸੀ।

ਲੱਦਾਖ ਤੋਂ ਬਾਅਦ ਚੀਨ ਹੁਣ ਆਪਣੀ ਸੈਨਿਕ ਤਾਇਨਾਤੀ ਨੂੰ ਹੋਰ ਐਲਏਸੀ ਥਾਂਵਾਂ ‘ਤੇ ਵੀ ਵਧਾ ਰਿਹਾ ਹੈ। ਇਸ ਦੇ ਜਵਾਬ ਵਿੱਚ ਭਾਰਤ ਨੇ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਦੀ ਸਰਹੱਦ ਦੇ ਨਾਲ ਫੌਜਾਂ ਦੀ ਤਾਇਨਾਤੀ ਵਿੱਚ ਵੀ ਵਾਧਾ ਕੀਤਾ ਹੈ।