Punjab

ਦੂਜੀ ਵਾਰ ਇੰਡੀਗੋ ਦੀ ਫਲਾਇਟ ਪਾਕਿਸਤਾਨ ‘ਚ ਵੜੀ ! ਯਾਤਰੀਆਂ ਦੇ ਸਾਹ ਸੁੱਕੇ !

ਬਿਊਰੋ ਰਿਪੋਰਟ : 2 ਹਫ਼ਤੇ ਵਿੱਚ ਦੂਜੀ ਵਾਰ ਇੰਡੀਗੋ ਦੀ ਫਲਾਈਟ ਪਾਕਿਸਤਾਨ ਪਹੁੰਚਣ ਨਾਲ ਯਾਤਰੀਆਂ ਦੇ ਸਾਹ ਸੁੱਕ ਗਏ । ਲਗਾਤਾਰ ਦੂਜੀ ਵਾਰ ਫਲਾਈਟ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਉਤਾਰਿਆ ਗਿਆ ਹੈ । ਇਹ ਖ਼ਰਾਬ ਮੌਸਮ ਦੀ ਵਜ੍ਹਾ ਕਰਕੇ ਹੋਇਆ ਹੈ । 2 ਹਫ਼ਤੇ ਪਹਿਲਾਂ ਅੱਧੇ ਘੰਟੇ ਤੱਕ ਫਲਾਈਟ ਪਾਕਿਸਤਾਨ ਵਿੱਚ ਰਹੀ ਸੀ ਹੁਣ ਦੂਜੀ ਵਾਰ 15 ਮਿੰਟ ਤੱਕ ਇੰਡੀਗੋ ਦੀ ਫਲਾਈਟ 2 ਵਾਰ ਪਾਕਿਸਤਾਨ ਵਿੱਚ ਦਾਖਲ ਹੋਈ ਅਤੇ ਫਿਰ ਭਾਰਤ ਆਈ । ਸਿਰਫ਼ ਇੰਨਾ ਹੀ ਨਹੀਂ ਅੰਮ੍ਰਿਤਸਰ ਉੱਤਰਨ ਦੇ ਲਈ ਫਲਾਈਟ ਨੂੰ 9 ਵਾਰ ਏਅਰਪੋਰਟ ਦੇ ਚੱਕਰ ਲਗਾਉਣੇ ਪਏ । ਖ਼ਾਸ ਗੱਲ ਇਹ ਹੈ ਕਿ ਪਾਕਿਸਤਾਨ ਨੇ ਭਾਰਤੀ ਉਡਾਣਾਂ ਦੇ ਪਾਕਿਸਤਾਨ ਵਿੱਚ ਦਾਖਲ ਹੋਣ ‘ਤੇ ਰੋਕ ਲਗਾਈ ਹੈ ।

ਖ਼ਰਾਬ ਮੌਸਮ ਦੀ ਵਜ੍ਹਾ ਕਰਕੇ ਇੰਡੀਗੋ ਤੋਂ ਸ੍ਰੀਨਗਰ ਜੰਮੂ ਫਲਾਈਟ 6e-2124 ਪਾਕਿਸਤਾਨੀ ਏਅਰ ਸਪੇਸ ਵਿੱਚ 2 ਵਾਰ ਵੜਨਾ ਪਿਆ,ਇਸ ਤੋਂ ਬਾਅਦ ਫਲਾਈਟ ਦੀ ਅੰਮ੍ਰਿਤਸਰ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਐਤਵਾਰ ਨੂੰ ਦੁਪਹਿਰ 3.36 ਵਜੇ ਸ੍ਰੀਨਗਰ ਤੋਂ ਇੰਡੀਗੋ ਦੀ ਫਲਾਈਟ ਨੇ ਜੰਮੂ ਦੇ ਲਈ ਉਡਾਣ ਭਰੀ ਸੀ,28 ਮਿੰਟ ਬਾਅਦ ਇਹ ਫਲਾਈਟ ਮੌਸਮ ਖ਼ਰਾਬ ਹੋਣ ਦੀ ਵਜ੍ਹਾ ਕਰਕੇ J&K ਦੇ ਕੋਟੋ ਜਮੈਲ ਦੇ ਰਸਤੇ ਪਾਕਿਸਤਾਨ ਵਿੱਚ ਦਾਖਲ ਹੋ ਗਈ । ਤਕਰੀਬਨ 15 ਮਿੰਟ ਤੱਕ ਪਾਕਿਸਤਾਨ ਅਤੇ ਸਿਆਲਕੋਟ ਹੁੰਦੇ ਹੋਏ ਜੰਮੂ ਦੇ ਵੱਲ ਵੱਧ ਗਈ । ਜੰਮੂ ਵਿੱਚ ਵੀ ਖ਼ਰਾਬ ਮੌਸਮ ਸੀ ਇਸ ਲਈ ਉੱਥੇ ਵੀ ਲੈਂਡਿੰਗ ਨਹੀਂ ਹੋ ਸਕਦੀ ਸੀ,ਇਸ ਤੇ ਬਾਅਦ ਫਲਾਈਟ ਨੂੰ ਅੰਮ੍ਰਿਤਸਰ ਭੇਜਿਆ ਗਿਆ। ਸ਼ਾਮ 4 ਵੱਜ ਕੇ 15 ਮਿੰਟ ‘ਤੇ ਫਲਾਈਟ ਮੁੜ ਤੋਂ ਪਾਕਿਸਤਾਨ ਸਰਹੱਦ ਵਿੱਚ ਦਾਖਲ ਹੋਈ,ਜੰਮੂ ਕਸ਼ਮੀਰ ਦੇ ਕੜਿਆਲ ਕਲਾਂ ਵਿੱਚ ਦਾਖਲ ਹੋਈ ਫਲਾਈਟ ਤਕਰੀਬਨ 4 ਵੱਜ ਕੇ 25 ਮਿੰਟ ‘ਤੇ ਅੰਮ੍ਰਿਤਸਰ ਦੇ ਅਜਨਾਲਾ ਕੱਕੜ ਪਿੰਡ ਵਿੱਚ ਭਾਰਤੀ ਸਰਹੱਦ ਵਿੱਚ ਪਰਤੀ ।

ਲਾਹੌਰ ATC ਨੂੰ ਜਾਣਕਾਰੀ ਦਿੱਤੀ

ਏਅਰਲਾਈਨ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਗੋ ਦੀ ਫਲਾਈਟ ਨੇ ਪਾਕਿਸਤਾਨ ਏਅਰਸਪੇਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਦੋਵਾਂ ਦੇ ਦੇਸ਼ਾਂ ਦੇ ਸਬੰਧਿਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ । ਫਲਾਈਟ ਦਾ ਡਾਇਵਰਜਨ ਜੰਮੂ ਅਤੇ ਲਾਹੌਰ ATC ਦੀ ਨਿਗਰਾਨੀ ਵਿੱਚ ਹੋਇਆ । ਉੱਧਰ ਇੰਡੀਗੋ ਫਲਾਈਟ ਨੇ ਲੈਂਡ ਹੋਣ ਤੋਂ ਪਹਿਲਾਂ 9 ਵਾਰ ਅੰਮ੍ਰਿਤਸਰ ਏਅਰਪੋਰਟ ਦੇ ਚੱਕਰ ਲਗਾਏ। ਇਸ ਤੋਂ ਬਾਅਦ ਫਲਾਈਟ ਨੂੰ ਲੈਂਡਿੰਗ ਦੀ ਇਜਾਜ਼ਤ ਦਿੱਤੀ ਗਈ ਅਤੇ ਫਿਰ ਇਸ ਨੂੰ ਕੈਂਸਲ ਕਰ ਦਿੱਤਾ ਗਿਆ।