ਬਿਊਰੋ ਰਿਪੋਰਟ (11 ਦਸੰਬਰ 2025): ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਹੁਣ ਯਾਤਰੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਤਾਜ਼ਾ ਸੰਕਟ ਤੋਂ ਪ੍ਰਭਾਵਿਤ ਯਾਤਰੀਆਂ ਲਈ ਰਿਫੰਡ ਤੋਂ ਬਾਅਦ ਹੁਣ ਇੱਕ ‘ਵਾਧੂ ਮੁਆਵਜ਼ਾ’ ਦਾ ਐਲਾਨ ਕੀਤਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕੰਪਨੀ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੂੰ ਏਅਰਪੋਰਟ ‘ਤੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ ਅਤੇ ਭਾਰੀ ਅਸੁਵਿਧਾ ਹੋਈ, ਉਨ੍ਹਾਂ ਨੂੰ ਕੰਪਨੀ ਆਪਣੇ ਵੱਲੋਂ ਇੱਕ ਵਿਸ਼ੇਸ਼ ਤੋਹਫ਼ਾ ਦੇਣ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੇ ਖਰਾਬ ਤਜਰਬੇ ਦੀ ਕੁਝ ਹੱਦ ਤੱਕ ਭਰਪਾਈ ਹੋ ਸਕੇ।
ਇੰਡੀਗੋ ਨੇ ਆਪਣੇ ਬਿਆਨ ਵਿੱਚ ਸਵੀਕਾਰ ਕੀਤਾ ਹੈ ਕਿ 3, 4 ਅਤੇ 5 ਦਸੰਬਰ ਨੂੰ ਸੰਚਾਲਨ ਵਿੱਚ ਆਈ ਰੁਕਾਵਟ ਕਾਰਨ ਕਈ ਯਾਤਰੀ ਏਅਰਪੋਰਟ ‘ਤੇ ਬੁਰੀ ਤਰ੍ਹਾਂ ਫਸ ਗਏ ਸਨ। ਅਜਿਹੇ ‘ਗੰਭੀਰ ਰੂਪ ਨਾਲ ਪ੍ਰਭਾਵਿਤ’ ਯਾਤਰੀਆਂ ਨੂੰ ਏਅਰਲਾਈਨ 10,000 ਰੁਪਏ ਦੇ ‘ਟ੍ਰੈਵਲ ਵਾਊਚਰ’ ਪ੍ਰਦਾਨ ਕਰੇਗੀ।
ਯਾਤਰੀ ਇਨ੍ਹਾਂ ਵਾਊਚਰਾਂ ਦੀ ਵਰਤੋਂ ਅਗਲੇ 12 ਮਹੀਨਿਆਂ ਦੇ ਅੰਦਰ ਇੰਡੀਗੋ ਦੀ ਕਿਸੇ ਵੀ ਭਵਿੱਖ ਦੀ ਯਾਤਰਾ ਦੀ ਬੁਕਿੰਗ ਲਈ ਕਰ ਸਕਣਗੇ। ਇਹ ਕਦਮ ਉਨ੍ਹਾਂ ਲੋਕਾਂ ਲਈ ਮਲ੍ਹਮ ਦਾ ਕੰਮ ਕਰੇਗਾ, ਜਿਨ੍ਹਾਂ ਦੀਆਂ ਯਾਤਰਾ ਯੋਜਨਾਵਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਸਨ।
ਸਰਕਾਰੀ ਮੁਆਵਜ਼ੇ ਤੋਂ ਵੱਖਰਾ ਹੋਵੇਗਾ ਇਹ ਲਾਭ
ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ 10 ਹਜ਼ਾਰ ਰੁਪਏ ਦਾ ਵਾਊਚਰ ਉਸ ਮੁਆਵਜ਼ੇ ਤੋਂ ਇਲਾਵਾ ਹੋਵੇਗਾ, ਜੋ ਡੀਜੀਸੀਏ (DGCA) ਦੀਆਂ ਗਾਈਡਲਾਈਨਜ਼ ਤਹਿਤ ਮਿਲਦਾ ਹੈ। ਸਰਕਾਰੀ ਨਿਯਮਾਂ ਮੁਤਾਬਕ, ਜੇਕਰ ਫਲਾਈਟ ਡਿਪਾਰਚਰ ਟਾਈਮ ਤੋਂ 24 ਘੰਟੇ ਦੇ ਅੰਦਰ ਰੱਦ ਹੁੰਦੀ ਹੈ, ਤਾਂ ਏਅਰਲਾਈਨ ਨੂੰ ਬਲਾਕ ਟਾਈਮ ਦੇ ਆਧਾਰ ‘ਤੇ ਯਾਤਰੀ ਨੂੰ 5,000 ਤੋਂ 10,000 ਰੁਪਏ ਤੱਕ ਦਾ ਮੁਆਵਜ਼ਾ ਦੇਣਾ ਪੈਂਦਾ ਹੈ। ਯਾਨੀ ਪ੍ਰਭਾਵਿਤ ਯਾਤਰੀਆਂ ਨੂੰ ਹੁਣ ਦੋਹਰਾ ਫਾਇਦਾ ਮਿਲ ਸਕਦਾ ਹੈ।

