India

ਵੱਡਾ ਹਾਦਸਾ ਟਲਿਆ! ਦਿੱਲੀ ਹਵਾਈ ਅੱਡੇ ‘ਤੇ ਇੰਡੀਗੋ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਯਾਤਰੀ ਸੁਰੱਖਿਅਤ

Indigo aircraft engine fire at Delhi airport passengers safe

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਹਵਾਈ ਅੱਡੇ ‘ਤੇ ਇੰਡੀਗੋ ਦੇ ਜਹਾਜ਼ ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ ਬੈਂਗਲੁਰੂ ਲਈ ਉਡਾਣ ਭਰਨ ਵਾਲੇ ਇੰਡੀਗੋ ਦੇ ਇੱਕ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਤੋਂ ਬਾਅਦ ਉਸ ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਾਰਨਾ ਪਿਆ। ਇਸ ਘਟਨਾ ਨਾਲ ਯਾਤਰੀਆਂ ਵਿਚ ਹੜਕੰਪ ਮੱਚ ਗਿਆ। ਉਡਾਣ ਭਰਨ ਦੌਰਾਨ ਜਹਾਜ਼ ਦੇ ਇੰਜਣ ‘ਚ ਚੰਗਿਆੜੀ ਉੱਠਣ ਲੱਗੀ। ਇਸ ਤੋਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਐਮਰਜੈਂਸੀ ਦੀ ਸਥਿਤੀ ਐਲਾਨੀ ਗਈ ਅਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਾਲਾਂਕਿ ਹੁਣ ਸਰਕਾਰ ਨੇ ਇਸ ਘਟਨਾ ‘ਤੇ ਕਾਰਵਾਈ ਕੀਤੀ ਹੈ।

ਜਹਾਜ਼ ਵਿੱਚ ਸਵਾਰ ਸਨ 177 ਯਾਤਰੀ

ਇੱਕ ਫਲਾਈਟ ਦਿੱਲੀ ਤੋਂ ਬੈਂਗਲੁਰੂ ਲਈ ਉਡਾਣ ਭਰ ਰਹੀ ਸੀ, ਜਦੋਂ ਫਲਾਈਟ ਦੇ ਸੱਜੇ ਵਿੰਗ ਵਿੱਚੋਂ ਇੱਕ ਚੰਗਿਆੜੀ ਨਿਕਲਣ ਲੱਗੀ। ਇਸ ਤੋਂ ਬਾਅਦ ਫਲਾਈਟ ਨੇ ਉਡਾਨ ਭਰੀ। ਵਿੰਗ ਤੋਂ ਚੰਗਿਆੜੀ ਨਿਕਲਣ ਤੋਂ ਤੁਰੰਤ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇੰਡੀਗੋ ਏਅਰਲਾਈਨਜ਼ ਦੀ ਉਡਾਣ 6E 2131 ਦੇ ਸੱਜੇ ਵਿੰਗ ‘ਚ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ‘ਚ 177 ਯਾਤਰੀ ਸਵਾਰ ਸਨ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇੰਡੀਗੋ ਏਅਰਲਾਈਨ ਨੇ ਬਿਆਨ ਜਾਰੀ ਕੀਤਾ

ਇਸ ਘਟਨਾ ਦੇ ਬਾਰੇ ‘ਚ ਇੰਡੀਗੋ ਏਅਰਲਾਈਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਦਿੱਲੀ ਤੋਂ ਬੈਂਗਲੁਰੂ ਜਾ ਰਹੇ ਜਹਾਜ਼ 6E2131 ਨੂੰ ਟੇਕ-ਆਫ ਰੋਲ ਦੌਰਾਨ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਤੁਰੰਤ ਬਾਅਦ ਪਾਇਲਟ ਨੇ ਟੇਕ-ਆਫ ਨੂੰ ਰੋਕ ਦਿੱਤਾ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।