ਦੇਸ਼ ਵਿੱਚ ਥੋਕ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ ਅਤੇ ਇਹ 15 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ। ਮਈ 2024 ਵਿੱਚ ਥੋਕ ਮਹਿੰਗਾਈ ਦਰ 2.61 ਫੀਸਦੀ ‘ਤੇ ਆ ਗਈ ਹੈ, ਜਦਕਿ ਪਿਛਲੇ ਮਹੀਨੇ ਯਾਨੀ ਅਪ੍ਰੈਲ 2024 ਵਿੱਚ ਇਹ 1.26 ਫੀਸਦੀ ਸੀ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਯਾਨੀ ਮਈ 2023 ਵਿਚ ਇਹ -3.8 ਫੀਸਦੀ ਸੀ। ਅੱਜ ਜਾਰੀ ਕੀਤੇ ਥੋਕ ਮਹਿੰਗਾਈ ਦਰ ਦੇ ਅੰਕੜੇ ਫਰਵਰੀ 2023 ਤੋਂ ਬਾਅਦ ਸਭ ਤੋਂ ਵੱਧ ਹਨ।
ਖ਼ੁਰਾਕੀ ਵਸਤਾਂ ਮਹਿੰਗੀਆਂ ਹੋਣ ਕਾਰਨ ਵਧੀ ਥੋਕ ਮਹਿੰਗਾਈ ਦਰ
ਖੁਰਾਕੀ ਵਸਤਾਂ, ਖ਼ਾਸ ਕਰਕੇ ਸਬਜ਼ੀਆਂ ਅਤੇ ਮੈਨੁਫੈਕਚਰਡ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਈ ਵਿੱਚ ਥੋਕ ਮਹਿੰਗਾਈ ਦਰ ਲਗਾਤਾਰ ਤੀਜੇ ਮਹੀਨੇ ਵਧ ਕੇ 2.61 ਫੀਸਦੀ ਹੋ ਗਈ ਹੈ। ਥੋਕ ਮੁੱਲ ਸੂਚਕ ਅੰਕ, ਯਾਨੀ ਹੋਲਸੇਲ ਪ੍ਰਾਈਸ ਇੰਡੈਕਸ (WPI) ‘ਤੇ ਆਧਾਰਿਤ ਮਹਿੰਗਾਈ ਦਰ ਅਪ੍ਰੈਲ ‘ਚ 1.26 ਫੀਸਦੀ ਸੀ। ਮਈ 2023 ਵਿੱਚ ਇਹ ਸਿਫ਼ਰ ਤੋਂ ਵੀ ਹੇਠਾਂ, ਮਾਈਨਸ 3.61 ਫੀਸਦੀ ਸੀ।
ਪ੍ਰਚੂਨ ਮਹਿੰਗਾਈ ਦਰ ਘਟੀ, ਪਰ ਥੋਕ ਮਹਿੰਗਾਈ ਦਰ ਵਿੱਚ ਵਾਧਾ
ਮਈ ਵਿੱਚ ਥੋਕ ਮਹਿੰਗਾਈ ਦਰ ਵਿੱਚ ਵਾਧਾ ਮਈ ਦੇ ਪ੍ਰਚੂਨ ਮਹਿੰਗਾਈ ਅੰਕੜਿਆਂ ਦੇ ਬਿਲਕੁਲ ਉਲਟ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਜਾਰੀ ਅੰਕੜਿਆਂ ਮੁਤਾਬਕ ਮਈ ‘ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 4.75 ਫੀਸਦੀ ‘ਤੇ ਆ ਗਈ ਹੈ, ਜੋ ਇਕ ਸਾਲ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਹੈ।
ਕਿਉਂ ਵਧੀ ਥੋਕ ਮਹਿੰਗਾਈ ਦਰ?
ਵਣਜ ਅਤੇ ਉਦਯੋਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਕਿਹਾ, ”ਮਈ 2024 ‘ਚ ਮਹਿੰਗਾਈ ਦਰ ਵਧਣ ਦੇ ਮੁੱਖ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ, ਖਾਣ-ਪੀਣ ਦੀਆਂ ਵਸਤੂਆਂ ਦਾ ਨਿਰਮਾਣ ਮਹਿੰਗਾ ਹੋ ਜਾਣਾ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਖਣਿਜ ਪਦਾਰਥਾਂ ਦੀਆਂ ਕੀਮਤਾਂ, ਤੇਲ ਅਤੇ ਨਿਰਮਾਣ ਆਦਿ ਵਿੱਚ ਵਾਧਾ ਹੋਇਆ ਹੈ।”