ਭਾਰਤੀ ਖਿਡਾਰੀ ਨਵਦੀਪ ਸਿੰਘ ਦਾ ਚਾਂਦੀ ਦਾ ਤਗਮਾ ਗੋਲਡ ਮੈਡਲ ਵਿੱਚ ਅੱਪਗ੍ਰੇਡ ਹੋ ਗਿਆ ਹੈ।ਸ਼ਨੀਵਾਰ ਨੂੰ ਨਵਦੀਪ ਸਿੰਘ ਨੇ ਪੈਰਿਸ ਪੈਰਾਲੰਪਿਕ ‘ਚ ਜੈਵਲਿਨ ਥ੍ਰੋਅ ਮੁਕਾਬਲੇ ‘ਚ ਚਾਂਦੀ ਦਾ ਤਮਗਾ ਜਿੱਤਿਆ।
ਇਸੇ ਮੁਕਾਬਲੇ ‘ਚ ਈਰਾਨੀ ਖਿਡਾਰੀ ਸਾਦੇਗ ਬੇਤ ਸਯਾਹ ਨੇ ਸੋਨ ਤਮਗਾ ਜਿੱਤਿਆ ਸੀ ਪਰ ਬਾਅਦ ‘ਚ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਜਿਸ ਕਾਰਨ ਨਵਦੀਪ ਸਿੰਘ ਨੇ ਸੋਨ ਤਗਮਾ ਹਾਸਲ ਕੀਤਾ। ਨਵਦੀਪ ਸਿੰਘ ਨੇ ਪੈਰਾਲੰਪਿਕ ਦੇ ਜੈਵਲਿਨ ਥਰੋਅ ਦੇ F41 ਵਰਗ ਵਿੱਚ 47.32 ਮੀਟਰ ਦੇ ਨਿੱਜੀ ਸਰਵੋਤਮ ਥਰੋਅ ਨਾਲ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਹੈ।
ਇਸ ਮੌਕੇ ‘ਤੇ ਭਾਰਤ ਦੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਦੇਵੇਂਦਰ ਝਾਝਰੀਆ ਨੇ ਕਿਹਾ, “ਨਵਦੀਪ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਸ ਨੇ ਭਾਰਤ ਲਈ ਸੱਤਵਾਂ ਸੋਨ ਤਮਗਾ ਜਿੱਤਿਆ ਹੈ। ਸਾਨੂੰ ਆਪਣੇ ਖਿਡਾਰੀਆਂ ‘ਤੇ ਭਰੋਸਾ ਸੀ ਕਿ ਉਹ ਸਾਨੂੰ 25 ਤੋਂ ਵੱਧ ਤਗਮੇ ਦਿਵਾਉਣਗੇ ਅਤੇ ਅਸੀਂ ਮੈਡਲ ਟੇਬਲ ਵਿਚ ਟੀ20 ਵਿੱਚ ਜਗ੍ਹਾ ਬਣਾਵਾਂਗੇ।
ਉਨ੍ਹਾਂ ਦੱਸਿਆ ਕਿ ਪਹਿਲਾਂ ਨਵਦੀਪ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਸੀ, ਬਾਅਦ ਵਿੱਚ ਇਸ ਨੂੰ ਗੋਲਡ ਮੈਡਲ ਵਿੱਚ ਬਦਲ ਦਿੱਤਾ ਗਿਆ। ਇਹ ਸਾਡੇ ਲਈ ਇਤਿਹਾਸਕ ਪਲ ਸੀ। ਉਸ ਦੀ ਤਕਨੀਕ ਅਤੇ ਪ੍ਰਦਰਸ਼ਨ ਸ਼ਾਨਦਾਰ ਸੀ। ਇਸ ਨਾਲ ਪੈਰਿਸ ਪੈਰਾਲੰਪਿਕ ‘ਚ ਭਾਰਤ ਦੇ ਮੈਡਲਾਂ ਦੀ ਗਿਣਤੀ 29 ਹੋ ਗਈ ਹੈ। ਇਸ ਵਿੱਚ ਸੱਤ ਸੋਨ ਤਗਮੇ, ਨੌਂ ਚਾਂਦੀ ਦੇ ਤਗਮੇ ਅਤੇ 13 ਕਾਂਸੀ ਦੇ ਤਮਗੇ ਸ਼ਾਮਲ ਹਨ। ਭਾਰਤ ਤਮਗਾ ਸੂਚੀ ਵਿਚ ਵੀ 16ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਪੈਰਾਲੰਪਿਕ ਦਾ ਰਿਕਾਰਡ ਟੁੱਟਿਆ
ਉਸ ਨੇ 47.32 ਮੀਟਰ ਦੀ ਵੱਡੀ ਥਰੋਅ ਨਾਲ ਪੈਰਾਲੰਪਿਕ ਰਿਕਾਰਡ ਤੋੜਿਆ ਅਤੇ ਬੜ੍ਹਤ ਹਾਸਲ ਕੀਤੀ। ਹਾਲਾਂਕਿ ਸਾਦੇਗ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ ਭਾਰਤੀ ਖਿਡਾਰੀ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ 47.64 ਮੀਟਰ ਦਾ ਰਿਕਾਰਡ ਥਰੋਅ ਕੀਤਾ। ਫਾਈਨਲ ਖਤਮ ਹੋਣ ਤੋਂ ਕੁਝ ਦੇਰ ਬਾਅਦ ਈਰਾਨੀ ਖਿਡਾਰੀ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ, ਜਿਸ ਕਾਰਨ ਨਵਦੀਪ ਨੇ ਚੋਟੀ ਦਾ ਸਥਾਨ ਹਾਸਲ ਕੀਤਾ।