ਭਾਰਤ ਦੀ ਮੁੱਕੇਬਾਜ਼ ਜੈਸਮੀਨ ਲੰਬੋਰੀਆ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2025 ਵਿੱਚ 57 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਸ ਨੇ ਫਾਈਨਲ ਮੈਚ ਵਿੱਚ ਪੋਲੈਂਡ ਦੀ ਜੂਲੀਆ ਸੇਰੇਮੇਟਾ, ਜੋ ਪੈਰਿਸ ਓਲੰਪਿਕ 2024 ਦੀ ਚਾਂਦੀ ਦਾ ਤਗਮਾ ਜੇਤੂ ਸੀ, ਨੂੰ ਸਪਿਲਟ ਫੈਸਲੇ (4-1) ਨਾਲ ਹਰਾਇਆ।
ਇਹ ਭਾਰਤ ਲਈ ਇਸ ਚੈਂਪੀਅਨਸ਼ਿਪ ਵਿੱਚ ਪਹਿਲਾ ਸੋਨ ਤਗਮਾ ਹੈ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਅਨੁਸਾਰ, ਜੈਸਮੀਨ ਨੇ ਸ਼ੁਰੂਆਤੀ ਸਾਵਧਾਨੀ ਤੋਂ ਬਾਅਦ ਦੂਜੇ ਅਤੇ ਤੀਜੇ ਰਾਊਂਡ ਵਿੱਚ ਵਾਪਸੀ ਕਰਕੇ ਜਿੱਤ ਹਾਸਲ ਕੀਤੀ।
ਜੈਸਮੀਨ ਨੇ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਜਿੱਤ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਿਆ ਅਤੇ ਕਿਹਾ, “ਮੇਰਾ ਟੀਚਾ ਸਿਰਫ਼ ਦੇਸ਼ ਨੂੰ ਮਾਣ ਦਿਵਾਉਣਾ ਸੀ।” ਉਸ ਨੇ ਇਹ ਸਫਲਤਾ ਕੋਚ, ਸਹਾਇਕ ਸਟਾਫ ਅਤੇ ਫੈਡਰੇਸ਼ਨ ਦੇ ਸਮਰਥਨ ਨੂੰ ਸਮਰਪਿਤ ਕੀਤੀ।