ਬਿਉਰੋ ਰਿਪੋਰਟ – ਰੂਸ ਨੇ ਯੂਕਰੇਨ ਖਿਲਾਫ਼ ਚੱਲ ਰਹੀ ਜੰਗ ਵਿੱਚ ਧੋਖੇ ਦਾ ਸ਼ਿਕਾਰ ਹੋਏ ਤੇ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰੂਸ ਦਾ ਅਧਿਕਾਰਿਕ ਬਿਆਨ ਵੀ ਸਾਹਮਣੇ ਆਇਆ ਹੈ। ਰੂਸੀ ਦੂਤਾਵਾਸ ਦੇ ਅਧਿਕਾਰੀ ਰੋਮਨ ਬਾਡੂਸ਼ਕਿਨ ਨੇ ਕਿਹਾ, ਬਹੁਤੇ ਭਾਰਤੀਆਂ ਦਾ ਵੀਜਾ ਕਾਨੂੰਨੀ ਨਹੀਂ ਹੈ। ਰੂਸ ਨੇ ਜਾਣਬੁੱਝ ਕੇ ਭਾਰਤੀਆਂ ਨੂੰ ਫੌਜ ਵਿੱਚ ਭਰਤੀ ਨਹੀਂ ਕੀਤਾ ਹੈ। ਉਹ ਜੰਗ ਵਿੱਚ ਕੋਈ ਭੂਮਿਕਾ ਵੀ ਅਦਾ ਨਹੀਂ ਕਰ ਰਹੇ ਹਨ। ਉਹ ਆਪਣੇ ਕਮਰਸ਼ੀਅਲ ਹਿੱਤਾਂ ਲਈ ਉੱਥੇ ਮੌਜੂਦ ਹਨ।
ਰੂਸ ਵੱਲੋਂ ਇਹ ਕਾਰਵਾਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੂਸ ਵਿੱਚ 2 ਦਿਨ ਦੀ ਯਾਤਰਾ ਦਾ ਨਤੀਜਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਇੰਨਾਂ ਭਾਰਤੀ ਦਾ ਮੁੱਦਾ ਚੁੱਕਿਆ ਸੀ।
ਖਬਰਾਂ ਮੁਤਾਬਿਕ ਰੂਸ ਵੱਲ਼ੋਂ ਜੰਗ ਵਿੱਚ ਮਾਰੇ ਗਏ ਭਾਰਤੀਆਂ ਨੂੰ ਮੁਆਵਜ਼ਾ ਦੇ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਪਰਿਵਾਰ ਨੇ ਰੂਸ ਦੀ ਨਾਗਰਿਕਤਾ ਲੈਣ ਲਈ ਆਪਣੀ ਸਹਿਮਤੀ ਵੀ ਦੇ ਦਿੱਤੀ ਹੈ। ਗੁਜਰਾਤ ਤੋਂ ਅਸ਼ਵਿਨ ਭਾਈ ਮੰਗੂਕੀਆ ਨੇ ਦੱਸਿਆ ਕਿ ਉਨ੍ਹਾਂ ਮੇਰੇ ਖ਼ਾਤੇ ਵਿੱਚ ਪਹਿਲਾਂ ਹੀ 45 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ। 1.3 ਕਰੋੜ ਰੁਪਏ ਦੇ ਮੁਆਵਜ਼ੇ ਦੀ ਬਾਕੀ ਰਕਮ ਹੋਰ ਦਿੱਤੀ ਜਾਵੇਗੀ। ਸੰਭਵ ਹੈ ਕਿ ਇਸ ਮਹੀਨੇ ਦੀ 15 ਜਾਂ 20 ਤਰੀਕ ਨੂੰ ਉਨ੍ਹਾਂ ਨੂੰ ਇਹ ਮਿਲ ਸਕਦਾ ਹੈ।
ਅਸ਼ਵਿਨ ਭਾਈ ਮੰਗੂਕੀਆ ਦਾ ਪੁੱਤਰ ਹੈਮਿਲ 21 ਫਰਵਰੀ ਨੂੰ ਮਿਜ਼ਾਈਲ ਹਮਲੇ ਵਿੱਚ ਮਾਰਿਆ ਗਿਆ ਸੀ। ਉਹ 23 ਸਾਲਾਂ ਦਾ ਸੀ। ਉਹ ਇੱਕ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਸੀ। ਏਜੰਟ ਨੇ ਉਸ ਨੂੰ ਰੂਸੀ ਫੌਜ ਵਿੱਚ ਸਹਾਇਕ ਵਜੋਂ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪਰ ਹੈਮਿਲ ਨੂੰ ਹੋਰ ਭਾਰਤੀਆਂ ਵਾਂਗ ਜੰਗ ਦੇ ਮੋਰਚੇ ’ਤੇ ਭੇਜ ਦਿੱਤਾ ਗਿਆ ਸੀ। ਏਜੰਟਾਂ ਨੇ ਇਨ੍ਹਾਂ ਲੋਕਾਂ ਨੂੰ ਰੂਸ ਵਿੱਚ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ,ਪਰ ਉਨ੍ਹਾਂ ਨੂੰ ਯੂਕਰੇਨ ਖਿਲਾਫ ਰੂਸ ਦੀ ਚੱਲ ਰਹੀ ਜੰਗ ਵਿੱਚ ਲੜਨ ਲਈ ਭੇਜ ਦਿੱਤਾ ਗਿਆ।
ਇਸ ਤੋਂ ਇਲਾਵਾ ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਅਫ਼ਸਾਨ ਦੇ ਭਰਾ ਮੁਹੰਮਦ ਇਮਰਾਨ ਨੇ ਵੀ ਮੀਡੀਆ ਨੂੰ ਦੱਸਿਆ ਕਿ ਅਫ਼ਸਾਨ ਦੇ ਪਰਿਵਾਰ ਨੂੰ ਮੁਆਵਜ਼ੇ ਅਤੇ ਰੂਸੀ ਨਾਗਰਿਕਤਾ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਉਸ ਨੇ ਕਿਹਾ ਕਿ ਸਾਨੂੰ ਕਾਗਜ਼ੀ ਕਾਰਵਾਈ ਲਈ ਉੱਥੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਫ਼ਸਾਨ ਦੀ ਪਤਨੀ ਅਤੇ ਦੋ ਬੱਚਿਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਅਫ਼ਸਾਨ ਦਾ ਦੋ ਸਾਲ ਦਾ ਪੁੱਤਰ ਅਤੇ ਧੀ ਹੈ।
ਹਾਲਾਂਕਿ ਇਸ ਦੇ ਉਲਟ ਅਮ੍ਰਿਤਸਰ ਦੇ ਤੇਜਪਾਲ ਸਿੰਘ, ਜੋ ਰੂਸ ਵਿੱਚ ਮਾਰਿਆ ਗਿਆ ਸੀ ਉਸ ਦੇ ਪਰਿਵਾਰ ਨੇ ਰੂਸ ਵੱਲੋਂ ਦਿੱਤੀ ਅਜਿਹੇ ਕਿਸੇ ਵੀ ਪੇਸ਼ਕਸ਼ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਮੁਤਾਬਿਕ ਸਾਨੂੰ ਕਿਸੇ ਵੀ ਰੂਸੀ ਅਧਿਕਾਰੀ ਜਾਂ ਭਾਰਤੀ ਅਧਿਕਾਰੀ ਦਾ ਫੋਨ ਨਹੀਂ ਆਇਆ। ਜੂਨ ਮਹੀਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਰੂਸ-ਯੂਕਰੇਨ ਜੰਗ ਵਿੱਚ ਦੋ ਭਾਰਤੀਆਂ ਦੀ ਮੌਤ ਹੋ ਗਈ ਹੈ। ਇਹ ਭਾਰਤੀ ਰੂਸੀ ਫੌਜ ਵਿੱਚ ਕੰਮ ਕਰ ਰਹੇ ਸਨ। ਮਰਨ ਵਾਲਿਆਂ ਵਿੱਚ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਤੇਜਪਾਲ ਵੀ ਸ਼ਾਮਲ ਸਨ।