ਸੋਮਵਾਰ ਭਾਰਤ ਲਈ ਬਹੁਤ ਵਧੀਆ ਦਿਨ ਰਿਹਾ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਦੇਸ਼ ਲਈ ਦੂਜਾ ਸੋਨ ਤਮਗਾ ਜਿੱਤਿਆ ਹੈ। ਮਹਿਲਾ ਟੀਮ ਨੇ ਸੋਮਵਾਰ ਨੂੰ ਖੇਡੇ ਗਏ ਫਾਈਨਲ ਮੈਚ ‘ਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ।
ਜਾਣਕਾਰੀ ਮੁਤਾਬਕ ਭਾਰਤੀ ਮਹਿਲਾ ਟੀਮ ਨੇ ਏਸ਼ਿਆਈ ਖੇਡਾਂ 2023 ਵਿੱਚ ਮਹਿਲਾ ਕ੍ਰਿਕਟ ਈਵੈਂਟ ਦੇ ਸੋਨ ਤਗਮੇ ਦੇ ਮੈਚ ਵਿੱਚ ਸ਼੍ਰੀਲੰਕਾ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 116 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ 20 ਓਵਰਾਂ ‘ਚ 97 ਦੌੜਾਂ ਦੇ ਸਕੋਰ ‘ਤੇ ਰੋਕ ਕੇ ਸੋਨ ਤਮਗਾ ਜਿੱਤਣ ‘ਚ ਕਾਮਯਾਬੀ ਹਾਸਲ ਕੀਤੀ। ਭਾਰਤ ਲਈ 18 ਸਾਲ ਦੀ ਤਿਤਾਸ ਸਾਧੂ ਨੇ ਗੇਂਦਬਾਜ਼ੀ ਵਿੱਚ ਸਭ ਤੋਂ ਵੱਧ 3 ਵਿਕਟਾਂ ਲਈਆਂ।
ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਦਬਾਅ ਬਣਾਈ ਰੱਖਿਆ ਅਤੇ ਨਿਯਮਤ ਅੰਤਰਾਲ ‘ਤੇ ਵਿਕਟਾਂ ਲਈਆਂ। ਸ੍ਰੀਲੰਕਾ ਨੂੰ ਆਖ਼ਰੀ ਓਵਰ ਵਿੱਚ 25 ਦੌੜਾਂ ਬਣਾਉਣੀਆਂ ਸਨ ਅਤੇ ਉਸ ਦੀਆਂ ਸਿਰਫ਼ ਤਿੰਨ ਵਿਕਟਾਂ ਸਨ। ਸ਼੍ਰੀਲੰਕਾ ਦੀ ਟੀਮ ਆਖ਼ਰੀ ਓਵਰ ਵਿੱਚ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕੀ।ਸ੍ਰੀਲੰਕਾ ਨੂੰ ਚਾਂਦੀ ਦਾ ਤਗਮਾ ਮਿਲਿਆ।ਇਸ ਤੋਂ ਪਹਿਲਾਂ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੀ 10 ਮੀਟਰ ਰਾਈਫਲ ਟੀਮ ਨੇ ਦੇਸ਼ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ ਸੀ।
ਭਾਰਤੀ ਨਿਸ਼ਾਨੇਬਾਜ਼ ਦਿਵਯਾਂਸ਼ ਸਿੰਘ ਪੰਵਾਰ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਰੁਦਰੰਕੇਸ਼ ਬਾਲਾਸਾਹਿਬ ਪਾਟਿਲ ਦੀ ਤਿਕੜੀ ਨੇ 1893.7 ਦੇ ਕੁੱਲ ਸਕੋਰ ਨਾਲ ਸੋਨ ਤਗਮਾ ਜਿੱਤਿਆ। ਇਹ ਵੀ ਇੱਕ ਵਿਸ਼ਵ ਰਿਕਾਰਡ ਹੈ। ਭਾਰਤ ਨੇ ਐਤਵਾਰ ਨੂੰ ਤਿੰਨ ਚਾਂਦੀ ਦੇ ਤਗਮਿਆਂ ਸਮੇਤ ਕੁੱਲ ਪੰਜ ਤਗਮੇ ਜਿੱਤੇ ਸਨ। ਭਾਰਤ ਦੇ ਖਾਤੇ ਵਿੱਚ ਹੁਣ ਕੁੱਲ 11 ਤਗਮੇ ਹਨ, ਜਿਨ੍ਹਾਂ ਵਿੱਚ ਦੋ ਸੋਨ ਅਤੇ ਤਿੰਨ ਚਾਂਦੀ ਸ਼ਾਮਲ ਹਨ।