India

ਕਾਮਨਵੈਲਥ ਖੇਡਾਂ: ਪਹਿਲੀ ਵਾਰ ਮਹਿਲਾ ਕ੍ਰਿਕਟ ਦੀ ਐਂਟਰੀ,ਪੰਜਾਬ ਦੀ ਇਸ ਖਿਡਾਰਣ ਹੱਥ ਕਮਾਨ

28 ਜੁਲਾਈ ਨੂੰ ਬਰਮਿੰਗਮ ਵਿੱਚ ਕਾਮਨਵੈਲਥ ਖੇਡਾ ਸ਼ੁਰੂ ਹੋਣ ਜਾ ਰਹੀਆਂ ਹਨ

‘ਦ ਖ਼ਾਲਸ ਬਿਊਰੋ : 28 ਜੁਲਾਈ ਨੂੰ ਬਰਮਿੰਘਮ ਵਿੱਚ ਸ਼ੁਰੂ ਹੋਣ ਵਾਲੀ ਕਾਮਨਵੈਲਥ ਖੇਡਾਂ ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਚੋਣ ਹੋ ਗਈ ਹੈ। ਟੀਮ ਇੰਡੀਆ ਦੀ ਕਮਾਨ ਪੰਜਾਬ ਦੀ ਖਿਡਾਰਣ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ । BCCI ਨੇ ਕਾਮਨਵੈਲਥ ਖੇਡਾਂ ਵਿੱਚ ਜਾਣ ਵਾਲੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਉੱਪ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਮਹਿਲਾ ਟੀ-20 ਕ੍ਰਿਕਟ ਨੂੰ ਕੌਮਾਂਤਰੀ ਬਹੁ-ਖੇਡ ਮੁਕਾਬਲੇ ਵਿੱਚ ਸ਼ਾਮਲ ਕੀਤਾ ਗਿਆ ਹੈ ।

ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ

ਭਾਰਤ ਗਰੁੱਪ A ਵਿੱਚ ਸ਼ਾਮਲ

ਭਾਰਤ ਗਰੁੱਪ A ਵਿੱਚ ਹੈ ਜਿਸ ਵਿੱਚ ਆਸਟਰੇਲੀਆ, ਬਾਰਬਾਡੋਸ ਅਤੇ ਪਾਕਿਸਤਾਨ ਨਾਲ ਵੀ ਹੈ । ਜਦਕਿ ਸ਼੍ਰੀਲੰਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਨੂੰ ਗਰੁੱਪ B ਵਿੱਚ ਰੱਖਿਆ ਗਿਆ ਹੈ। ਸਬੰਧਤ ਪੂਲ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ। ਭਾਰਤ ਨੇ 29 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੇ ਲੀਗ ਪੜਾਅ ਵਿੱਚ ਤਿੰਨ ਮੈਚ ਖੇਡਣੇ ਹਨ। ਭਾਰਤੀ ਮਹਿਲਾ ਟੀ-20 ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੇ ਖਿਲਾਫ 29 ਜੁਲਾਈ ਨੂੰ ਐਜਬੈਸਟਨ ਵਿੱਚ ਆਪਣਾ ਪਹਿਲਾ ਮੈਚ ਖੇਡੇਗੀ ਅਤੇ 31 ਜੁਲਾਈ ਨੂੰ ਪਾਕਿਸਤਾਨ ਨਾਲ ਭਿੜੇਗੀ ਅਤੇ 3 ਅਗਸਤ ਨੂੰ ਬਾਰਬਾਡੋਸ ਦੇ ਖਿਲਾਫ ਆਪਣੇ ਸ਼ੁਰੂਆਤੀ ਲੀਗ ਮੈਚਾਂ ਨੂੰ ਪੂਰਾ ਕਰੇਗੀ।

ਇਸ ਤਰ੍ਹਾਂ ਹੋਈ 15 ਖਿਡਾਰੀਆਂ ਦੀ ਚੋਣ

ਹਰਮਨ ਅਤੇ ਸਮ੍ਰਿਤੀ ਤੋਂ ਇਲਾਵਾ, ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ, ਸਪਿਨਰ ਸਨੇਹ ਰਾਣਾ ਅਤੇ ਰਾਜੇਸ਼ਵਰੀ ਗਾਇਕਵਾੜ, ਹਰਫਨਮੌਲਾ ਦੀਪਤੀ ਸ਼ਰਮਾ ਅਤੇ ਪੂਜਾ ਵਸਤਰਾਕਰ ਅਤੇ ਵਿਕਟਕੀਪਰ-ਬੱਲੇਬਾਜ਼ ਤਾਨੀਆ ਭਾਟੀਆ ਵਰਗੇ ਹੋਰ ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਜੇਮਿਮਾਹ ਰੌਡਰਿਗਜ਼, ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਵਿੱਚ ਮਹਿਲਾ ਵਿਸ਼ਵ ਕੱਪ ਲਈ ਬਾਹਰ ਕਰ ਦਿੱਤਾ ਗਿਆ ਸੀ ਉਸ ਦੀ ਹੁਣ ਟੀਮ ਵਿੱਚ ਵਾਪਸੀ ਹੋਈ ਹੈ । ਸ਼੍ਰੀਲੰਕਾ ਖਿਲਾਫ਼ ਚੰਗਾ ਪ੍ਰਦ ਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੀ ਟੀਮ ਵਿੱਚ ਥਾਂ ਮਿਲੀ ਹੈ। ਇਸ ਤੋਂ ਇਲਾਵਾ ਸਿਮਰਨ ਦਿਲ ਬਹਾਦੁਰ, ਰਿਚਾ ਘੋਸ਼ ਅਤੇ ਪੂਨਮ ਯਾਦਵ ਨੂੰ ਰਾਖਵਾਂ ਰੱਖਿਆ ਗਿਆ ਹੈ।

ਕਾਮਨਵੈਲਥ ਖੇਡਾਂ ਦੇ ਲਈ ਟੀਮ ਇੰਡੀਆ

ਹਰਮਨਪ੍ਰੀਤ ਕੌਰ ਕਪਤਾਨ, ਸਮ੍ਰਿਤੀ ਮੰਧਾਨਾ ਉੱਪ ਕਪਤਾਨ, ਸ਼ੈਫਾਲੀ ਵਰਮਾ, ਐਸ. ਮੇਘਨਾ, ਤਾਨੀਆ ਸਪਨਾ ਭਾਟੀਆ ਵਿਕੇਟਕੀਪਰ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਾਜੇਸ਼ਵਰੀ ਗਾਇਕਵਾੜ, ਪੂਜਾ ਵਸਤਰਕਾਰ, ਮੇਘਨਾ ਸਿੰਘ, ਰੇਣੁਕਾ। ਠਾਕੁਰ, ਜੇਮੀਮਾ ਰੌਡਰਿਗਜ਼, ਰਾਧਾ ਯਾਦਵ, ਹਰਲੀਨ ਦਿਓਲ, ਸਨੇਹ ਰਾਣਾ। ਸਟੈਂਡਬਾਏ: ਸਿਮਰਨ ਦਿਲ ਬਹਾਦਰ, ਰਿਚਾ ਘੋਸ਼, ਪੂਨਮ ਯਾਦਵ।