International Punjab

ਭਾਰਤੀ ਮੂਲ ਦੇ ਨੌਜਵਾਨ ਨੂੰ ਨਿਊਜ਼ੀਲੈਂਡ ’ਚ 22 ਸਾਲ ਦੀ ਕੈਦ

ਭਾਰਤੀ ਮੂਲ ਦੇ ਭਤੀਜੇ ਬਲਤੇਜ ਸਿੰਘ (32) ਨੂੰ ਨਿਊਜ਼ੀਲੈਂਡ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਸਨੂੰ 700 ਕਿਲੋਗ੍ਰਾਮ ਮੈਥਾਮਫੇਟਾਮਾਈਨ (ਨਸ਼ੀਲਾ ਪਦਾਰਥ) ਰੱਖਣ ਦਾ ਦੋਸ਼ੀ ਠਹਿਰਾਇਆ ਹੈ। ਆਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਲਤੇਜ ਸਿੰਘ ਨੂੰ ਸਜ਼ਾ ਸੁਣਾਈ।

ਉਸ ਨੂੰ ਆਕਲੈਂਡ ਦੀ ਹਾਈ ਕੋਰਟ ਨੇ ਦੋਸ਼ੀ ਪਾਇਆ ਸੀ ਅਤੇ 700 ਕਿਲੋਗ੍ਰਾਮ ਸਿੰਥੈਟਿਕ ਡਰੱਗ ਮੈਥਾਮਫੇਟਾਮਾਈਨ ਰੱਖਣ ਦੇ ਦੋਸ਼ ’ਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਪੰਜਾਬ ਵਿਚ ਉਸ ਦੇ ਰਿਸ਼ਤੇਦਾਰਾਂ ਨੇ ਇਨ੍ਹਾਂ ਰੀਪੋਰਟਾਂ ਨੂੰ ‘ਫਰਜ਼ੀ ਖ਼ਬਰਾਂ’ ਦੱਸ ਕੇ ਖਾਰਜ ਕਰ ਦਿਤਾ ਪਰ ਖੁਫੀਆ ਸੂਤਰਾਂ ਨੇ ਉਸ ਦੀ ਪਛਾਣ ਅਤੇ ਅਪਰਾਧ ਵਿਚ ਭੂਮਿਕਾ ਦੀ ਪੁਸ਼ਟੀ ਕੀਤੀ। ਬਲਤੇਜ ਸਿੰਘ ਉਦੋਂ ਤਕ ਪੈਰੋਲ ਲਈ ਅਯੋਗ ਰਹੇਗਾ ਜਦੋਂ ਤਕ ਉਹ ਘੱਟੋ-ਘੱਟ ਦਸ ਸਾਲ ਦੀ ਸਜ਼ਾ ਨਹੀਂ ਕੱਟ ਲੈਂਦਾ। ਉਸ ਦਾ ਪਰਵਾਰ 1980 ਦੇ ਦਹਾਕੇ ’ਚ ਨਿਊਜ਼ੀਲੈਂਡ ਚਲਾ ਗਿਆ ਸੀ।

ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਪੁਲਿਸ ਨੇ ਮਾਰਚ 2023 ਵਿੱਚ ਗ੍ਰਿਫਤਾਰ ਕੀਤਾ ਸੀ। ਆਕਲੈਂਡ ਪੁਲਿਸ ਨੇ ਮੈਨੂਕਾਊ ਵਿੱਚ ਇੱਕ ਛੋਟੇ ਜਿਹੇ ਗੋਦਾਮ ‘ਤੇ ਛਾਪਾ ਮਾਰਿਆ ਜਿੱਥੇ ਬੀਅਰ ਦੇ ਡੱਬਿਆਂ ਵਿੱਚ ਮੈਥਾਮਫੇਟਾਮਾਈਨ ਦੀ ਇੱਕ ਵੱਡੀ ਖੇਪ ਲੁਕਾਈ ਹੋਈ ਸੀ। ਮਾਮਲੇ ਦੀ ਜਾਂਚ ਉਦੋਂ ਸ਼ੁਰੂ ਹੋਈ ਜਦੋਂ ਏਡੇਨ ਸਗਾਲਾ ਨਾਮ ਦੇ 21 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਸਨੇ ਕਥਿਤ ਤੌਰ ‘ਤੇ ਉਹੀ ਬੀਅਰ ਪੀਤੀ ਸੀ ਜਿਸ ਵਿੱਚ ਨਸ਼ੀਲੇ ਪਦਾਰਥ ਸਨ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਹਿੰਮਤਜੀਤ ਜਿੰਮੀ ਸਿੰਘ ਕਾਹਲੋਂ ਨਾਮ ਦੇ ਵਿਅਕਤੀ ਨੇ ਇਹ ਬੀਅਰ ਸਗਲਾ ਨੂੰ ਦਿੱਤੀ ਸੀ। ਜਿੰਮੀ ਸਿੰਘ ਨੂੰ ਬਾਅਦ ਵਿੱਚ ਗੈਰ-ਇਰਾਦਤਨ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਜੋ ਕਿ ਕਤਲ ਦੇ ਬਰਾਬਰ ਨਹੀਂ ਸੀ। ਸੁਣਵਾਈ ਦੌਰਾਨ ਜਿੰਮੀ ਸਿੰਘ ਨੇ ਕਿਹਾ ਕਿ ਉਸ ਨੂੰ ਇੱਕ ਭਰੋਸੇਮੰਦ ਕਾਰੋਬਾਰੀ ਦੋਸਤ ਨੇ ਧੋਖਾ ਦਿੱਤਾ ਸੀ ਅਤੇ ਉਹ ਖੁਦ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਸੀ। ਖੁਫੀਆ ਸੂਤਰਾਂ ਦਾ ਦਾਅਵਾ ਹੈ ਕਿ ਇਹ ‘ਭਰੋਸੇਮੰਦ ਕਾਰੋਬਾਰੀ’ ਬਲਤੇਜ ਸਿੰਘ ਇਸ ਡਰੱਗ ਤਸਕਰੀ ਨੈੱਟਵਰਕ ਦਾ ਮਾਸਟਰਮਾਈਂਡ ਸੀ।