ਆਸਟ੍ਰੇਲੀਆ : ਵਿਦੇਸ਼ਾਂ ਤੋਂ ਅਕਸਰ ਹੀ ਅਜਿਹੀਆਂ ਖਬਰਾਂ ਆਉਂਦੀਆਂ ਨੇ ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਨਾਲ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ। ਆਸਟ੍ਰੇਲੀਆ ਤੋਂ ਸ਼ਰਧਾ ਵਾਕਰ ਦੇ ਕਤਲ ਵਰਗਾ ਮਾਮਲਾ ਸਾਹਮਣੇ ਆਇਆ ਹੈ। 2021 ਵਿੱਚ 21 ਸਾਲਾ ਭਾਰਤੀ ਨਰਸਿੰਗ ਵਿਦਿਆਰਥਣ ਦਾ ਵਿਆਹ ਤੋਂ ਇਨਕਾਰ ਕਰਨ ‘ਤੇ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਨੇ ਪਹਿਲਾਂ ਪੀੜਤਾ ਦੇ ਹੱਥ-ਪੈਰ ਬੰਨ੍ਹ ਕੇ ਅਗਵਾ ਕੀਤਾ, ਫਿਰ ਉਸ ਦਾ ਗਲਾ ਵੱਢ ਕੇ ਜ਼ਮੀਨ ਵਿੱਚ ਦੱਬ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਪੀੜਤਾ ਦਾ ਸਾਬਕਾ ਪ੍ਰੇਮੀ ਹੈ ਅਤੇ ਉਹ ਲੰਬੇ ਸਮੇਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਹ ਗੱਲਾਂ ਬੁੱਧਵਾਰ ਨੂੰ ਆਸਟ੍ਰੇਲੀਆ ਦੀ ਅਦਾਲਤ ‘ਚ ਹੋਈ ਸੁਣਵਾਈ ਦੌਰਾਨ ਸਾਹਮਣੇ ਆਈਆਂ ਹਨ। ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾ ਦਾ ਨਾਂ ਜੈਸਮੀਨ ਕੌਰ ਸੀ। ਉਹ ਐਡੀਲੇਡ ਸ਼ਹਿਰ ਵਿੱਚ ਰਹਿੰਦੀ ਸੀ। ਮੁਲਜ਼ਮ ਤਾਰਿਕਜੋਤ ਸਿੰਘ ਨੇ ਉਸ ਨੂੰ 5 ਮਾਰਚ 2021 ਨੂੰ ਸ਼ਹਿਰ ਵਿੱਚ ਸਥਿਤ ਉਸ ਦੇ ਕੰਮ ਵਾਲੀ ਥਾਂ ਤੋਂ ਅਗਵਾ ਕਰ ਲਿਆ ਸੀ। ਫਿਰ ਉਸ ਦੇ ਹੱਥ-ਪੈਰ ਤਾਰਾਂ ਨਾਲ ਬੰਨ੍ਹ ਕੇ ਉਸ ਨੂੰ ਕਾਰ ਦੇ ਟਰੰਕ ਵਿਚ ਪਾ ਦਿੱਤਾ।
ਤਾਰਿਕਜੋਤ ਇਸ ਹਾਲਤ ਵਿੱਚ ਜੈਸਮੀਨ ਨੂੰ 400 ਮੀਲ (643 ਕਿਲੋਮੀਟਰ) ਦੂਰ ਰਿਮੋਟ ਫਲਿੰਡਰਜ਼ ਰੇਂਜ ਵਿੱਚ ਲੈ ਗਿਆ। ਇੱਥੇ ਸੁੰਨਸਾਨ ਜਗ੍ਹਾ ਦੇਖ ਕੇ ਮੁਲਜ਼ਮ ਨੇ ਪਹਿਲਾਂ ਉਸ ਦੇ ਗਲੇ ‘ਤੇ ਕਈ ਵਾਰ ਕੀਤੇ। ਫਿਰ ਉਸ ਨੂੰ ਜ਼ਮੀਨ ਵਿੱਚ ਜ਼ਿੰਦਾ ਦੱਬ ਦਿੱਤਾ। 6 ਮਾਰਚ ਨੂੰ ਆਕਸੀਜਨ ਦੀ ਕਮੀ ਕਾਰਨ ਉਸ ਦੀ ਮੌਤ ਹੋ ਗਈ ਸੀ।
ਪਿਛਲੇ ਸਾਲ ਧੀ ਦੀ ਮਾਂ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਾਂ ਨੇ ਤਾਰਿਕਜੋਤ ‘ਤੇ ਆਪਣੀ ਧੀ ਨੂੰ ਤੰਗ-ਪ੍ਰੇਸ਼ਾਨ ਕਰਨ, ਅਗਵਾ ਕਰਨ ਅਤੇ ਕਤਲ ਕਰਨ ਦੇ ਦੋਸ਼ ਲਾਏ ਹਨ। ਸ਼ੁਰੂਆਤੀ ਜਾਂਚ ਵਿੱਚ ਤਰਜੋਤ ਨੇ ਜੈਸਮੀਨ ਦੀ ਹੱਤਿਆ ਤੋਂ ਇਨਕਾਰ ਕੀਤਾ ਹੈ।
ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਜੈਸਮੀਨ ਨੇ ਖੁਦਕੁਸ਼ੀ ਕੀਤੀ ਸੀ ਅਤੇ ਉਸ ਨੇ ਹੀ ਉਸ ਦੀ ਲਾਸ਼ ਨੂੰ ਦਫਨਾਇਆ ਸੀ। ਹਾਲਾਂਕਿ ਇਸ ਸਾਲ ਫਰਵਰੀ ‘ਚ ਸੁਣਵਾਈ ਤੋਂ ਪਹਿਲਾਂ ਤਰਜੋਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸ ਨੇ ਜੈਸਮੀਨ ਦੇ ਸਮਾਨ ਅਤੇ ਲਾਸ਼ ਨੂੰ ਦਫ਼ਨਾਉਣ ਵਾਲੀ ਜਗ੍ਹਾ ਬਾਰੇ ਵੀ ਜਾਣਕਾਰੀ ਦਿੱਤੀ ਸੀ।
ਪੁਲਿਸ ਨੇ ਸਾਮਾਨ ਅਤੇ ਲਾਸ਼ ਮਿਲਣ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।