‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਕਵਾਰਟਰ ਫਾਇਨਲ ਵਿਚ ਥਾਂ ਬਣਾ ਲਈ ਹੈ। ਭਾਰਤੀ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ ਹੈ। ਪੂਲ ਏ ਮੈਚ ਦੌਰਾਨ ਭਾਰਤ ਨੇ ਸ਼ੁਰੂਆਤੀ ਦੌਰ ਤੋਂ ਹੀ ਅਰਜਨਟੀਨਾ ਉੱਤੇ ਦਬਾਅ ਬਣਾ ਕੇ ਰੱਖਿਆ। ਹਾਲਾਂਕਿ ਹਾਫ ਟਾਇਮ ਤੱਕ ਦੋਵਾਂ ਟੀਮਾਂ ਦੇ ਖਿਡਾਰੀ ਕੋਈ ਗੋਲ ਨਹੀਂ ਕਰ ਸਕੇ ਸਨ, ਪਰ ਅੱਧੇ ਸਮੇਂ ਦੀ ਖੇਡ ਖਤਮ ਹੋਣ ਤੋਂ ਬਾਅਦ ਤੀਜਾ ਕਵਾਰਟਰ ਖਤਮ ਹੋਣ ਤੋਂ ਪਹਿਲਾ ਭਾਰਤ ਨੇ ਇਕ ਗੋਲ ਕਰਕੇ ਆਪਣਾ ਦਬਦਬਾ ਬਣਾ ਲਿਆ।
ਜਿੱਥੇ ਪਹਿਲੇ ਹਾਫ ਤੱਕ ਦੋਵਾਂ ਟੀਮਾਂ ਨੇ ਕੋਈ ਗੋਲ ਨਹੀਂ ਕੀਤਾ, ਉੱਥੇ ਹੀ ਦੂਜੇ ਹਾਫ ਵਿਚ ਦੋਵਾਂ ਟੀਮਾਂ ਨੇ ਤਿੰਨ ਗੋਲ ਕਰ ਦਿੱਤੇ। ਦੂਜੇ ਹਾਫ ਵਿਚ ਮਿਲੇ ਪੈਨਾਲਟੀ ਕਾਰਨਰ ਵਿਚ ਅਰਜਨਟੀਨਾ ਦੇ ਖਿਡਾਰੀ ਮਾਇਕੋ ਕਸੈਲਾ ਨੇ ਇੱਕ ਗੋਲ ਦਿੱਤਾ ਤੇ ਦੋਵੇਂ ਟੀਮਾਂ 1-1 ਦੀ ਬਰਾਬਰੀ ਉੱਤੇ ਆ ਗਈਆਂ। ਇਸ ਤੋਂ ਬਾਅਦ ਭਾਰਤ ਨੇ ਲਗਾਤਾਰ ਦੋ ਗੋਲ ਕਰ ਦਿੱਤੇ। ਦੂਜਾ ਹਾਫ ਖਤਮ ਹੋਣ ਤੋਂ ਪਹਿਲਾਂ ਭਾਰਤੀ ਖਿਡਾਰੀ ਵਿਵੇਕ ਸਾਗਰ ਨੇ ਇੱਕ ਗੋਲ ਕੀਤਾ ਤੇ ਭਾਰਤ ਨੂੰ 2-1 ਨਾਲ ਅੱਗੇ ਲੈ ਆਉਂਦਾ। ਇਸ ਤੋਂ ਕੁੱਝ ਦੇਰ ਬਾਅਦ ਹਰਮਨਪ੍ਰੀਤ ਸਿੰਘ ਇੱਕ ਹੋਰ ਗੋਲ ਕਰਕੇ ਭਾਰਤ ਦੇ ਕਦਮ ਜਿੱਤ ਵੱਲ ਵਧਾ ਦਿੱਤੇ। ਹੁਣ ਭਾਰਤ ਦਾ ਅਗਲਾ ਮੁਕਾਬਲਾ ਜਪਾਨ ਨਾਲ ਹੈ।