‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਨਿਊਜੀਲੈਂਡ ਦੇ ਇਕ ਚਰਚਿਤ ਬਲਾਗਰ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨੇ ਬਿਨਾਂ ਕਾਰਣ ਉਸਦੀ ਭਾਰਤ ਵਿੱਚ ਐਂਟਰੀ ‘ਤੇ ਪਾਬੰਦੀ ਲਾ ਦਿੱਤੀ ਹੈ ਤੇ ਉਸਦਾ ਨਾਂ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਕਾਰਲ ਰੌਕ ਨਾਂ ਦੇ ਇਸ ਬਲਾਗਰ ਦੇ ਯੂਟਿਊਬ ਉੱਤੇ 17 ਲੱਖ ਸਬਸਕ੍ਰਾਇਬਰ ਹਨ, ਜਿੱਥੇ ਉਹ ਭਾਰਤ ਦੇ ਕਈ ਸ਼ਹਿਰਾਂ ਨੂੰ ਧਿਆਨ ਵਿਚ ਲਿਆਉਂਦਾ ਹੈ। ਇਹ ਬਲਾਗਰ ਆਪਣੀ ਪਤਨੀ ਤੇ ਪਰਿਵਾਰ ਨਾਲ ਰੋਹਿਣੀ ਵਿਚ ਪਿਛਲੇ ਕੁੱਝ ਸਾਲਾਂ ਤੋਂ ਰਹਿ ਰਿਹਾ ਹੈ।ਭਾਰਤ ਸਰਕਾਰ ਦੀ ਇਸ ਕਾਰਵਾਈ ਕਾਰਨ ਇਸ ਬਲਾਗਰ ਨੂੰ ਆਪਣੇ ਪਰਿਵਾਰ ਤੋਂ ਅਲੱਗ ਰਹਿਣਾ ਪੈ ਰਿਹਾ ਹੈ।
ਟਵਿਟਰ ‘ਤੇ ਪੋਸਟ ਰਾਹੀਂ ਇਸ ਬਲਾਗਰ ਨੇ ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੂੰ ਵੀ ਟੈਗ ਕੀਤਾ ਹੈ। ਰੌਕ ਨੇ ਕਿਹਾ ਹੈ ਕਿ ਪਿਆਰੇ ਜੇਸਿੰਡਾ ਅਰਡਰਨ ਭਾਰਤ ਸਰਕਾਰ ਨੇ ਬਿਨਾਂ ਕਾਰਣ ਦੱਸੇ ਮੇਰੀ ਭਾਰਤ ਵਿਚ ਐਂਟਰੀ ਨੂੰ ਬੈਨ ਕਰ ਦਿੱਤਾ ਹੈ ਤੇ ਮੇਰੇ ਪਰਿਵਾਰ ਤੋਂ ਅਲੱਗ ਕਰ ਦਿੱਤਾ ਹੈ ਜੋ ਦਿੱਲੀ ਰਹਿ ਰਿਹਾ ਹੈ।
ਉਸਨੇ ਕਿਹਾ ਕਿ ਅਕਤੂਬਰ 2020 ਵਿਚ ਉਸਨੇ ਦੁਬਈ ਤੇ ਪਾਕਿਸਤਾਨ ਜਾਣ ਲਈ ਭਾਰਤ ਛੱਡਿਆ ਸੀ, ਉਨ੍ਹਾਂ ਨੇ (ਭਾਰਤ) ਏਅਰਪੋਰਟ ਉੱਤੇ ਮੇਰਾ ਵੀਜਾ ਕੈਂਸਲ ਕਰ ਦਿੱਤਾ। ਇੱਥੋਂ ਤੱਕ ਕਿ ਕਾਰਣ ਵੀ ਨਹੀਂ ਦੱਸਿਆ ਜਾ ਰਿਹਾ। ਇੱਥੋਂ ਤੱਕ ਕਿ ਕਈ ਵਾਰ ਗ੍ਰਹਿ ਮੰਤਰਾਲੇ ਨੂੰ ਵੀ ਉਸਨੇ ਲਿਖਿਆ ਹੈ। ਰੌਕ ਨੇ ਇਸ ਪਾਬੰਦੀ ਦੇ ਖਿਲਾਫ ਦਿੱਲੀ ਹਾਈਕੋਰਟ ਜਾਣ ਦਾ ਵੀ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਉਸਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਦਿਲੀ ਸਰਕਾਰ ਦੇ ਪਲਾਜਮਾ ਬੈਂਕ ਵਿਚ ਪਲਾਜਮਾ ਦਾਨ ਕੀਤਾ ਸੀ ਤੇ ਪਿਛਲੇ ਸਾਲ ਜੁਲਾਈ ਵਿਚ ਕਾਰਲ ਰੌਕ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਫੀ ਸ਼ਲਾਘਾ ਵੀ ਕੀਤੀ ਸੀ।