‘ਦ ਖਾਲਸ ਬਿਊਰੋ:ਕੇਂਦਰ ਸਰਕਾਰ ਨੇ ਕਣਕ ਤੋਂ ਬਾਅਦ ਖੰਡ ਦੀ ਬਰਾਮਦਗੀ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਹ ਪਾਬੰਦੀ 1 ਜੂਨ ਤੋਂ ਲਾਗੂ ਹੋਵੇਗੀ। ਕੇਂਦਰ ਸਰਕਾਰ ਨੇ ਮਹਿੰਗਾਈ ਨੂੰ ਰੋਕਣ ਲਈ ਇਹ ਫੈਸਲਾ ਲਿਆ ਹੈ। ਇਹ ਪਾਬੰਦੀ ਇਸ ਸਾਲ 31 ਅਕਤੂਬਰ ਤੱਕ ਜਾਰੀ ਰਹੇਗੀ।
ਇਸ ਪਾਬੰਦੀ ਦਾ ਮਕਸਦ ਘਰੇਲੂ ਬਾਜ਼ਾਰ ਵਿੱਚ ਖੰਡ ਦੀ ਉਪਲਬਧਤਾ ਨੂੰ ਵਧਾਉਣਾ ਅਤੇ ਇਸ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਰੋਕਣਾ ਹੈ। ਹਾਲਾਂਕਿ, ਇਹ ਪਾਬੰਦੀ CXL ਅਤੇ TRQ ਦੇ ਤਹਿਤ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਨੂੰ ਨਿਰਯਾਤ ਕੀਤੀ ਜਾ ਰਹੀ ਖੰਡ ‘ਤੇ ਲਾਗੂ ਨਹੀਂ ਹੋਵੇਗੀ। CXL ਅਤੇ TRQ ਤਹਿਤ ਇਹਨਾਂ ਖੇਤਰਾਂ ਵਿੱਚ ਖੰਡ ਦੀ ਇੱਕ ਨਿਸ਼ਚਿਤ ਮਾਤਰਾ ਨਿਰਯਾਤ ਕੀਤੀ ਜਾਂਦੀ ਹੈ। ਸਰਕਾਰ ਨੇ 100 LMT (ਲੱਖ ਮੀਟ੍ਰਿਕ ਟਨ) ਤੱਕ ਖੰਡ ਦੇ ਨਿਰਯਾਤ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਬ੍ਰਾਜ਼ੀਲ ਤੋਂ ਬਾਅਦ ਭਾਰਤ ਦੁਨੀਆ ਵਿੱਚ ਖੰਡ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਅਤੇ ਨਿਰਯਾਤਕ ਦੇਸ਼ ਹੈ।
ਭਾਰਤ ਨੇ 14 ਮਈ 2022 ਨੂੰ ਤੁਰੰਤ ਪ੍ਰਭਾਵ ਨਾਲ ਕਣਕ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ। ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਭਾਰਤ ਨੇ ਇਹ ਫੈਸਲਾ ਘਰੇਲੂ ਬਾਜ਼ਾਰ ‘ਚ ਕਣਕ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਲਿਆ ਸੀ। ਸਰਕਾਰ ਵੱਲੋਂ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਭਾਰਤ, ਗੁਆਂਢੀ ਦੇਸ਼ਾਂ ਅਤੇ ਹੋਰ ਲੋੜਵੰਦ ਦੇਸ਼ਾਂ ਦੀ ਖੁਰਾਕ ਸੁਰੱਖਿਆ ਨੂੰ ਖਤਰਾ ਹੈ।
ਵਿਸ਼ਵੀ ਬਾਜ਼ਾਰ ਵਿੱਚ ਭਾਰਤੀ ਕਣਕ ਦੀ ਮੰਗ ਵਿੱਚ ਵਾਧਾ ਲਗਾਤਾਰ ਜਾਰੀ ਹੈ, ਜਿਸਨੂੰ ਦੇਖਦਿਆਂ ਕਿਸਾਨਾਂ, ਵਪਾਰੀਆਂ ਅਤੇ ਬਰਾਮਦਕਾਰਾਂ ਨੂੰ ਆਯਾਤ ਕਰਨ ਵਾਲੇ ਦੇਸ਼ਾਂ ਦੇ ਸਾਰੇ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਸੀ।
ਭਾਰਤ ਸਰਕਾਰ ਵੱਲੋਂ ਕਣਕ ਦੀ ਬਰਾਮਦ ਉੱਤੇ ਲਾਈ ਗਈ ਰੋਕ ਨਾਲ ਭਾਰਤੀ ਅਤੇ ਅੰਤਰਰਾਸ਼ਟਰੀ ਬਜ਼ਾਰ ਬਹੁਤ ਪ੍ਰਭਾਵਿਤ ਹੋਏ। ਪੰਜਾਬ ਸਮੇਤ ਕਈ ਸੂਬਿਆਂ ਵਿੱਚ ਕਣਕ ਦੇ ਭਾਅ ਘੱਟ ਗਏ। ਪੰਜਾਬ ਵਿੱਚ ਕਣਕ ਦੀਆਂ ਕੀਮਤਾਂ 100-150 ਰੁਪਏ ਪ੍ਰਤੀ ਕੁਇੰਟਲ ਘਟੀਆਂ ਸਨ। ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੀ 100-250 ਰੁਪਏ ਪ੍ਰਤੀ ਕੁਇੰਟਲ ਕੀਮਤਾਂ ਵਿੱਚ ਕਮੀ ਆਈ ਸੀ।
ਦੁਨੀਆ ਵਿੱਚ 5 ਫੀਸਦ ਕਣਕ ਭਾਰਤ ਤੋਂ ਬਰਾਮਦ ਹੁੰਦੀ ਹੈ ਤੇ ਭਾਰਤ ਵੱਲੋਂ ਪਿਛਲੇ ਦਿਨੀਂ ਬਰਾਮਦ ਉੱਪਰ ਰੋਕ ਤੋਂ ਬਾਅਦ ਕੌਮਾਂਤਰੀ ਬਜ਼ਾਰ ਵਿੱਚ ਕਣਕ ਦੀਆਂ ਕੀਮਤਾਂ ਵੱਧ ਰਹੀਆਂ ਹਨ। ਰੂਸ ਅਤੇ ਯੂਕਰੇਨ ਵੀ ਕਣਕ ਬਰਾਮਦ ਕਰਦੇ ਹਨ ਅਤੇ ਇਨ੍ਹਾਂ ਦੇਸ਼ਾਂ ਦਰਮਿਆਨ ਜਾਰੀ ਜੰਗ ਤੋਂ ਬਾਅਦ ਅੰਤਰਰਾਸ਼ਟਰੀ ਕੀਮਤਾਂ ਹੋਰ ਵੀ ਪ੍ਰਭਾਵਿਤ ਹੋਈਆਂ ਹਨ।
ਕਈ ਦੇਸ਼ਾਂ ਨੇ ਭਾਰਤ ਦੇ ਫ਼ੈਸਲੇ ਤੋਂ ਬਾਅਦ ਚਿੰਤਾ ਜ਼ਾਹਿਰ ਕੀਤੀ ਸੀ। ਜੀ-7 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਜਰਮਨੀ ਨੇ ਕਿਹਾ ਸੀ ਕਿ ਭਾਰਤ ਦੇ ਫ਼ੈਸਲੇ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਚੀਨ ਨੇ ਭਾਰਤ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਹਾਲਾਤ ਲਈ ਜ਼ਿੰਮੇਵਾਰ ਦੱਸ ਕੇ ਮਸਲੇ ਹੱਲ ਨਹੀਂ ਹੋ ਸਕਦੇ। ਚੀਨ ਨੇ ਕਿਹਾ ਕਿ ਕੈਨੇਡਾ,ਅਮਰੀਕਾ,ਆਸਟ੍ਰੇਲੀਆ ਵਰਗੇ ਦੇਸ਼ ਵੀ ਕਣਕ ਬਰਾਮਦ ਕਰਦੇ ਹਨ ਅਤੇ ਕਣਕ ਦੀ ਕਮੀ ਵਰਗੇ ਹਾਲਾਤਾਂ ਨੂੰ ਸੁਧਾਰ ਸਕਦੇ ਹਨ।